ਵਿਦੇਸ਼

ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਸਿੱਖ ਬਾਈਕ ਸਵਾਰਾਂ 60 ਹਜ਼ਾਰ ਡਾਲਰ ਦੀ ਰਕਮ ਜੁਟਾਈ

By ਸਿੱਖ ਸਿਆਸਤ ਬਿਊਰੋ

July 22, 2016

ਟੋਰਾਂਟੋ: ਕੈਨੇਡਾ ਦੇ ਵੱਡੇ ਦਿਲਵਾਲੇ ਸਿੱਖ ਬਾਈਕ ਸਵਾਰਾਂ ਦੇ ਇਕ ਗਰੁੱਪ ਨੇ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਖ਼ਿਲਾਫ਼ ਜਾਗਰੂਕ ਕਰਦਿਆਂ ਚੈਰਿਟੀ ਵਜੋਂ 60,000 ਡਾਲਰ ਦੀ ਰਕਮ ਇਕੱਠੀ ਕੀਤੀ ਹੈ। ਸਿੱਖ ਮੋਟਰਸਾਈਕਲ ਕਲੱਬ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਦੋ ਹਫ਼ਤੇ ਪਹਿਲਾਂ ਸਰੀ ਤੋਂ 13 ਮੋਟਰਸਾਈਕਲਾਂ ’ਤੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕਲੱਬ ਦਾ ਮੁੱਖ ਮਕਸਦ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਸਿੱਖ ਬਾਈਕ ਸਵਾਰ ਹੁਣ ਤਕ 1200 ਕਿਲੋਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ। ਉਨ੍ਹਾਂ ਆਪਣੇ ਸਫ਼ਰ ਲਈ ਬ੍ਰਿਟਿ਼ਸ਼ ਕੋਲੰਬੀਆ, ਐਲਬਰਟਾ, ਓਂਟਾਰੀਓ ਤੇ ਕਿਉਬੈਕ ਹੁੰਦੇ ਹੋਏ ਮਾਂਟਰੀਅਲ ਦਾ ਰਾਹ ਚੁਣਿਆ ਹੈ। ਉਨ੍ਹਾਂ ਦਾ ਇਹ ਸਫ਼ਰ ਐਤਵਾਰ ਨੂੰ ਖ਼ਤਮ ਹੋਵੇਗਾ। ਸਿੱਖ ਬਾਈਕ ਸਵਾਰਾਂ ਦੇ ਇਸ ਗਰੁੱਪ ਵੱਲੋਂ ਸ਼ੁਰੂ ਕੀਤੇ ਉੱਦਮ ਦੀ ਹੁਣ ਤਕ 70 ਤੋਂ ਵੱਧ ਵਿਅਕਤੀਆਂ ਤੇ ਵੱਖ ਵੱਖ ਗਰੁੱਪਾਂ ਨੇ ਹਮਾਇਤ ਕੀਤੀ ਹੈ। ਗਰੁੱਪ ਨੇ ਹੁਣ ਤਕ ਕੈਂਸਰ ਸੁਸਾਇਟੀ ਲਈ ਡੋਨੇਸ਼ਨ ਦੇ ਰੂਪ ਵਿੱਚ 61,194 ਡਾਲਰਾਂ ਦੀ ਰਕਮ ਇਕੱਤਰ ਕੀਤੀ ਹੈ।

ਇਹ ਰਾਸ਼ੀ ਅੱਗੇ ਸੰਸਥਾ ਵੱਲੋਂ ਖੋਜ, ਸੁਰੱਖਿਆ ਉਪਾਵਾਂ ਤੇ ਕੈਂਸਰ ਨਾਲ ਲੜਨ ਖ਼ਿਲਾਫ਼ ਖਰਚੀ ਜਾਵੇਗੀ। ਆਪਣੇ ਸਫ਼ਰ ਦੌਰਾਨ ਬਾਈਕ ਸਵਾਰ ਜਿੱਥੇ ਰਾਹ ਵਿੱਚ ਟੱਕਰਦੇ ਭਾਈਚਾਰੇ ਦੇ ਲੋਕਾਂ ਨੂੰ ਮਿਲਦੇ ਹਨ, ਉਥੇ ਉਹ ਮੁਕਾਮੀ ਟੀਵੀ ਤੇ ਰੇਡੀਓ ਸਟੇਸ਼ਨਾਂ ’ਤੇ ਜਾ ਕੇ ਸਫ਼ਰ ਦੇ ਮੰਤਵ ਨੂੰ ਵੀ ਸਾਂਝਾ ਕਰਦੇ ਹਨ। ਕਲੱਬ ਦੇ ਬਾਨੀ ਹਰਜਿੰਦਰ ਸਿੰਘ ਥਿੰਦ ਨੇ ਸੀਟੀਵੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਿਸ ਵੀ ਸ਼ਹਿਰ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਸਿੱਖ ਭਾਈਚਾਰੇ ਸਮੇਤ ਹੋਰਨਾਂ ਭਾਈਚਾਰਿਆਂ ਤੋਂ ਵੀ ਕੈਂਸਰ ਖ਼ਿਲਾਫ਼ ਜਾਗਰੂਕਤਾ ਲਈ ਭਰਵੀਂ ਹਮਾਇਤ ਮਿਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: