ਕੌਮਾਂਤਰੀ ਖਬਰਾਂ

ਭਾਰਤ ਵਿਚ ਹੁੰਦੇ ਜ਼ੁਲਮਾਂ ਤੋਂ ਤੰਗ ਹੋ ਕੇ ਰਾਜਸੀ ਸ਼ਰਣ ਲੈਣ ਅਮਰੀਕਾ ਪਹੁੰਚੇ ਸਿੱਖ ਅਤੇ ਇਸਾਈ ਸ਼ੈਰੇਡਨ ਜੇਲ੍ਹ ਵਿਚ ਨਜ਼ਰਬੰਦ

By ਸਿੱਖ ਸਿਆਸਤ ਬਿਊਰੋ

June 20, 2018

ਨਿਊਯਾਰਕ: ਅਮਰੀਕਾ ਦੇ ਯੈਮਹਿਲ ਕਾਉਂਟੀ ਖੇਤਰ ਵਿਚ ਸਥਿਤ ਸ਼ੈਰੇਡਨ ਜੇਲ੍ਹ ਵਿਚ 50 ਤੋਂ ਵੱਧ ਸਿੱਖਾਂ ਦੇ ਨਜ਼ਰਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਸਿੱਖਾਂ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਅਮਰੀਕਾ ਵਿਚ ਰਾਜਸੀ ਸ਼ਰਣ ਲੈਣਾ ਚਾਹੁੰਦੇ ਹਨ।

ਡੈਮੋਕਰੇਟਿਕ ਪਾਰਟੀ ਦੇ ਨੁਮਾਂਇੰਦਿਆਂ ਵਲੋਂ ਸ਼ੈਰੇਡਨ ਜੇਲ੍ਹ ਦਾ ਦੌਰਾ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਜੇਲ੍ਹ ਵਿਚ ਅਣਮਨੁੱਖੀ ਹਾਲਤਾਂ ਵਿਚ ਕੈਦ ਕੈਦੀਆਂ ਬਾਰੇ ਦੱਸਿਆ।

ਡੈਮੋਕਰੇਟਿਕ ਪਾਰਟੀ ਵਲੋਂ ਅਮਰੀਕੀ ਕਾਂਗਰਸ ਦੀ ਵਿਧਾਇਕ ਸੁਜ਼ੇਨ ਬੋਨਾਮੀਸੀ ਨੇ ਆਪਣੇ ਬਲੋਗ ‘ਤੇ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਪੰਜਾਬੀ ਅਨੁਵਾਦਕ ਰਾਹੀਂ ਪਤਾ ਲੱਗਿਆ ਕਿ ਉਹ ਲੋਕ ਅਮਰੀਕਾ ਵਿਚ ਰਾਜਸੀ ਸ਼ਰਣ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਘੱਟਗਿਣਤੀ ਧਰਮ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ‘ਤੇ ਭਾਰਤ ਵਿਚ ਜ਼ੁਲਮ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚੋਂ ਆਏ ਕੈਦੀ ਸਿੱਖ ਅਤੇ ਇਸਾਈ ਧਰਮ ਨੂੰ ਸਬੰਧ ਰੱਖਦੇ ਹਨ।

ਸੁਜ਼ੇਨ ਨੇ ਕਿਹਾ, ” ਉਨ੍ਹਾਂ ਲੋਕਾਂ ਨੇ ਦੱਸਿਆ ਕਿ ਉਹ ਅਮਰੀਕਾ ਧਾਰਮਿਕ ਅਜ਼ਾਦੀ ਲਈ ਆਏ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪਾਗਲ ਹੋ ਜਾਣਗੇ ਕਿਉਂਕਿ ਉਨ੍ਹਾਂ ਨੂੰ ਦਿਨ ਦੇ 22 ਘੰਟੇ ਇਕ ਛੋਟੀ ਜਿਹੀ ਕੋਠੜੀ ਵਿਚ ਬੰਦ ਰੱਖਿਆ ਜਾਂਦਾ ਹੈ।”

ਸੁਜ਼ੇਨ ਨੇ ਜ਼ੁਲਮਾਂ ਤੋਂ ਤੰਗ ਹੋ ਕੇ ਅਮਰੀਕਾ ਪਹੁੰਚ ਰਹੇ ਇਹਨਾਂ ਲੋਕਾਂ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਅਪਣਾਈ ਜਾ ਰਹੀ ਸਖਤ ਨੀਤੀ ਦੀ ਸਖਤ ਨਿੰਦਾ ਕੀਤੀ ਹੈ। ਗੌਰਤਲਬ ਹੈ ਕਿ ਅਮਰੀਕੀ ਸਰਕਾਰ ਵਲੋਂ ਅਮਰੀਕਾ ਵਿਚ ਗੈਰਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰਕੇ ਵੱਖਰੀ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ ਜਿਸ ਖਿਲਾਫ ਅਮਰੀਕਾ ਵਿਚੋਂ ਵੀ ਅਤੇ ਵਿਸ਼ਵ ਵਿਚੋਂ ਵੀ ਅਵਾਜ਼ ਉੱਠ ਰਹੀ ਹੈ।

ਅਮਰੀਕਾ ਦੇ ਅਖਬਾਰ “ਦਾ ਓਰੇਗੋਨੀਅਨ” ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜੇਲ੍ਹ ਵਿਚ ਬੰਦ ਸਿੱਖਾਂ ਅਤੇ ਇਸਾਈਆਂ ਨੇ ਦੱਸਿਆ ਕਿ ਉਹ ਭਾਰਤ ਵਿਚ ਹਿੰਦੂ ਬਹੁਗਿਣਤੀ ਵਲੋਂ ਉਨ੍ਹਾਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ ਇੱਥੇ ਆਏ ਹਨ।

ਇਸ ਦੌਰਾਨ ਸਥਾਨਕ ਸਿੱਖ ਭਾਈਚਾਰੇ ਵਲੋਂ ਇਹਨਾਂ ਬੰਦੀਆਂ ਨਾਲ ਰਾਬਤਾ ਬਣਾਉਣ ਦੇ ਯਤਨ ਅਰੰਭ ਦਿੱਤੇ ਗਏ ਹਨ।

ਓਰੇਗਨ ਦੇ ਸਿੱਖ ਸੈਂਟਰ (ਪੋਰਟਲੈਂਡ ਮੈਟਰੋ ਗੁਰਦੁਆਰਾ ਸਾਹਿਬ) ਦੇ ਪ੍ਰਧਾਨ ਹਰਬਖਸ਼ ਸਿੰਘ ਮਾਂਗਟ ਨੇ ਕਿਹਾ ਕਿ ਸੋਮਵਾਰ ਵਾਲੇ ਦਿਨ ਹੋਈ ਇਕੱਤਰਤਾ ਵਿਚ ਇਹ ਮਸਲਾ ਵਿਚਾਰਿਆ ਗਿਆ ਸੀ ਅਤੇ ਬੰਦੀਆਂ ਲਈ ਅਰਦਾਸ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: