ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ‘ਨਕਲੀ ਅਰਦਾਸ’ ਦੇ ਮੁੱਦੇ ‘ਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸ. ਮਾਨ ਨੇ ਕਿਹਾ ਕਿ ਮਲੂਕਾ ਮਾਮਲੇ ‘ਚ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਬਿਲਕੁਲ ਮਹੱਤਵਹੀਣ ਹੈ।
ਉਨ੍ਹਾਂ ਸਿੱਖ ਕੌਮ ਦੇ ਦੋਸ਼ੀ ਨੂੰ ਬਚਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਅਫਸੋਸਨਾਕ ਕਰਾਰ ਦਿੰਦੇ ਹੋਏ ਅਤੇ ਪਿੰਡ ਚੱਬੇ ਵਿਖੇ ਹੋਏ ਇਕੱਠ ਦੌਰਾਨ ਚੁਣੇ ਗਏ ਜਥੇਦਾਰ ਸਾਹਿਬਾਨ ਨੂੰ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਖਾਲਸਾ ਪੰਥ ਦੀ ਰਵਾਇਤ ਰਹੀ ਹੈ ਕਿ ਜਦੋਂ ਕਿਸੇ ਨੇ ਵੀ ਸਿੱਖ ਧਰਮ, ਸਿੱਖ ਕੌਮ ਸਿੱਖੀ ਰਵਾਇਤਾਂ ਅਤੇ ਨਿਯਮਾਂ ਨੂੰ ਤੋੜਿਆ ਹੈ ਜਾਂ ਅਜਿਹੀ ਕੋਈ ਬੱਜਰ ਗੁਸਤਾਖੀ ਕੀਤੀ ਹੈ, ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਵਿਰੁੱਧ ਸਿੱਖ ਰਵਾਇਤਾਂ ਅਨੁਸਾਰ ਲਾਜ਼ਮੀ ਕਾਰਵਾਈ ਹੋਈ ਹੈ। ਭਾਵੇਂ ਕਿ ਸਰਕਾਰੀ ਜਥੇਦਾਰਾਂ ਦੀਆਂ ਕਮਜ਼ੋਰ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਅਤੇ ਸਿਆਸਤਦਾਨਾਂ ਦੇ ਗੁਲਾਮ ਬਣ ਜਾਣ ਦੀ ਬਦੌਲਤ ਸਿਰਸੇ ਵਾਲੇ ਵੱਲੋਂ ਰਚਾਏ ਗਏ ਸਵਾਂਗ ਦੀ ਅਜੇ ਸਜ਼ਾ ਬਾਕੀ ਹੈ, ਪਰ ਸਿੱਖ ਕੌਮ ਅਤੇ ਖਾਲਸਾ ਪੰਥ ਨੇ ਨਾ ਤਾਂ ਸਿਰਸੇ ਵਾਲੇ ਨੂੰ ਮੁਆਫ ਕੀਤਾ ਹੈ ਅਤੇ ਨਾਂ ਹੀ ਸਰਕਾਰੀ ਜਥੇਦਾਰਾਂ ਨੂੰ।
ਇਸ ਲਈ ਹੁਣ ਵੀ ਇਹਨਾਂ ਜਥੇਦਾਰਾਂ ਵੱਲੋਂ ਕੌਮ ਪੱਖੀ ਫੈਸਲਾ ਲੈਣ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੀਆਂ ਜਾਂਚ ਕਮੇਟੀਆਂ ਬਣਾ ਕੇ ਡੰਗ ਟਪਾਉਣ ਦੀ ਬਜਾਏ ਸਿੱਖੀ ਰਵਾਇਆਂ ਅਨੁਸਾਰ ਹੋਣ ਵਾਲੀ ਕਾਰਵਾਈ ਵਿਚ ਯੋਗਦਾਨ ਪਾਉਣ ਤਾਂ ਬੇਹਤਰ ਹੋਵੇਗਾ।