ਮੋਗਾ (15 ਅਗਸਤ, 2015): ਭਾਰਤ ਦੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ ਦਲ ਖਾਲਸਾ ਨੇ ਸਿਖ ਕੌਮ ਦੀ ਆਜ਼ਾਦੀ ਹਾਸਿਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਹੈ।ਭਾਰਤ ਦੀ ਆਜ਼ਾਦੀ ਦੇ 69ਵੇਂ ਵਰ੍ਹੇ ਮੌਕੇ ਮੋਗੇ ਦੇ ਗੁਰਦੁਵਾਰਾ ਬੀਬੀ ਕਾਹਨ ਕੌਰ ਵਿਖੇ ਆਪਣੀ ਬਾਗੀ ਆਵਾਜ਼ ਬੁਲੰਦ ਕਰਦਿਆ ਦਲ ਖਾਲਸਾ ਨੇ ਸਿਖ ਕੌਮ ਦੀ ਸਮੱਸਿਆ ਦੇ ਹੱਲ ਲਈ ਸ਼ਾਂਤਮਈ ਸੰਘਰਸ਼ ਪ੍ਰਤੀ ਵਚਨਵੱਧਤਾ ਪ੍ਰਗਟ ਕੀਤੀ।
ਖਚਾਖੱਚ ਭਰੇ ਹਾਲ ਵਿਚ ਦਲ ਖਾਲਸਾ ਨੇ ਪੰਜਾਬ ਲਈ ਸਵੈ-ਨਿਰਣੇ ਦੀ ਮੰਗ ਕੀਤੀ। ਪਾਰਟੀ ਪ੍ਰਧਾਨ ਸ.ਹਰਚਰਨਜੀਤ ਸਿੰਘ ਧਾਮੀ ਦੀ ਅਗਵਾਈ ਵਿਚ ਦਲ ਖਾਲਸਾ ਦੇ ਕਾਰਕੁੰਨਾਂ ਨੇ ਆਪਣੀ ਕਿਸਮਤ ਦੇ ਆਪ ਮਾਲਿਕ ਬਨਣ ਦਾ ਸੱਦਾ ਦਿਤਾ। ਉਨਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਲੈਕੇ ਸਿਖਾਂ ਦੇ ਹੱਕਾਂ ਤੇ ਭਾਵਨਾਵਾਂ ਦੀ ਪੂਰਤੀ ਹੋਣ ਦੀ ਥਾਂ ਸਿਖਾਂ ਨੂੰ ਗੋਲ਼ੀਆਂ ਤੇ ਜੇਲਾਂ ਮਿਲੀਆਂ ਹਨ।ਸ.ਧਾਮੀ ਨੇ ਕਿਹਾ ਕਿ ਸਾਡੇ ਹੱਕ ਖੋਹੇ ਗਏ ਹਨ,ਸਾਡੀ ਬੋਲੀ, ਵਿਰਸੇ ਤੇ ਸਭਿਆਚਾਰ ਨੂੰ ਰੋਲ਼ਿਆ ਗਿਆ ਹੈ ਤੇ ਦਰਿਆਈ ਪਾਣੀਆਂ ਸਮੇਤ ਸਾਡੇ ਕੁਦਰਤੀ ਸਰਮਾਇਆ ਲੁਟ ਲਿਆ ਗਿਆ ਹੈ। ਉਨਾਂ ਕਿਹਾ ਕਿ ਹਕੂਮਤ ਦੀ ਦਖਲਅੰਦਾਜ਼ੀ ਸਦਕਾ ਸਾਡੇ ਧਾਰਮਿਕ ਸਥਾਨਾਂ ਉਤੇ ਆਰ.ਐਸ.ਐਸ ਦਾ ਸਿਧਾ ਕਬਜ਼ਾ ਹੋ ਚੁੱਕਾ ਹੈ।
ਉਨਾਂ ਕਿਹਾ ਕਿ ਭਾਰਤ ਦੇ ਸਿਆਸੀ ਹਾਲਾਤ ਘੱਟਗਿਣਤੀਆਂ ਤੇ ਸੰਘਰਸ਼ਸ਼ੀਲ ਲੋਕਾਂ ਲਈ ਖਤਰੇ ਦੀ ਘੰਟੀ ਹਨ। 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੰਦਿਆ ਉਨਾਂ ਕਿਹਾ ਕਿ ਪੰਜਾਬ ਉਤੇ ਭਾਰਤ ਦਾ ਕਬਜ਼ਾ ਬਰਦਾਸ਼ਤ ਨਹੀ ਕੀਤਾ ਜਾ ਸਕਦਾ।ਸਿਖ ਨਜਰਬੰਦਾਂ ਦੀ ਰਿਹਾਈ ਲਈ ਲਾਏ ਮੋਰਚੇ ਦੌਰਾਨ ਜੇਲੀ ਡੱਕੇ ਹੋਏ ਸ.ਕੰਵਰਪਾਲ ਸਿੰਘ ਤੇ ਸ.ਹਰਪਾਲ ਸਿੰਘ ਚੀਮਾ ਬਾਰੇ ਉਨਾਂ ਕਿਹਾ ਕਿ ਇਹ ਗ੍ਰਿਫਤਾਰੀਆਂ ਕਾਨੂੰਨੀ ਕਾਰਨਾਂ ਕਰਕੇ ਨਹੀ ਸਗੋਂ ਸਿਆਸੀ ਫੈਸਲੇ ਕਰਕੇ ਹੋਈਆਂ ਹਨ।
ਸਿਖ ਵਿਦਵਾਨ ਸ.ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਸਿਆਸੀ ਨਿਜਾਮ ਤਾਕਤ ਦੇ ਨਸ਼ੇ ਵਿਚ ਮਸਤ ਹੈ।ਉਨਾਂ ਕਿਹਾ ਕਿ ਭਾਰਤੀ ਨਿਜਾਮ ਨੇ ਸਿਖਾਂ ਦੀ ਆਜ਼ਾਦੀ ਦੀ ਭਾਵਨਾ ਨੂੰ ਪਰਵਾਨ ਹੀ ਨਹੀ ਕੀਤਾ ਜਿਸ ਕਰਕੇ ਦੋਹਾਂ ਵਿਚਕਾਰ ਤਿਖਾ ਵਿਰੋਧ ਹੋ ਰਿਹਾ ਹੈ।
ਇਸ ਗੱਲ ਨੂੰ ਸਾਬਿਤ ਕਰਨ ਲਈ ਹਾਜਿਰ ਬੁਲਾਰਿਆਂ ਨੇ ਤੱਥਾਂ,ਸਬੂਤਾਂ,ਗਵਾਹੀਆਂ ਤੇ ਘਟਨਾਵਾਂ ਦੇ ਹਵਾਲਿਆਂ ਦੇ ਢੇਰ ਲਗਾ ਦਿਤੇ ਕਿ 1947 ਤੋਂ ਸਿਖਾਂ ਨੂੰ ਜੁਲਮ,ਬੇਇਨਸਾਫੀ, ਤਸ਼ਦੱਦ ਤੇ ਜਲਾਲਤ ਝੱਲਣੀ ਪਈ ਹੈ।
ਭਾਰਤੀ ਆਗੂਆਂ ਵਲੋਂ 1947 ਤੋਂ ਪਹਿਲਾਂ ਕੀਤੇ ਵਾਦਿਆਂ ਦੀ ਗੱਲ ਕਰਦਿਆ ਸ.ਸਤਨਾਮ ਸਿੰਘ ਪਾਂਉਂਟਾ ਸਾਹਿਬ ਨੇ ਕਿਹਾ ਕਿ ਉਨਾਂ ਵਿਚੋਂ ਇਕ ਵੀ ਵਾਦਾ ਪੂਰਾ ਨਹੀ ਕੀਤਾ ਗਿਆ ਤੇ ਉਦੋਂ ਤੋਂ ਹੀ ਸਿਖ ਆਪਣੀ ਬੋਲੀ,ਸਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਜੱਦੋਜਹਿਦ ਕਰ ਰਹੇ ਹਨ।
ਪਾਰਟੀ ਦੇ ਜਨਰਲ ਸਕੱਤਰ ਡਾ.ਮਨਜਿੰਦਰ ਸਿੰਘ ਜੰਡੀ ਨੇ ਕਿਹਾ ਕਿ ਮੁਲਕ ਵਿਚ ਹਰ ਕੌਮ ਲਈ ਵੱਖੋ-ਵੱਖਰੇ ਕਾਨੂੰਨ ਹਨ। ਉਨਾਂ ਕਿਹਾ ਕਿ ਅਸੀਮਾਨੰਦ ਤੇ ਮਾਇਆ ਕੋਡਨਾਨੀ ਵਰਗੇ ਬੇਕਿਰਕ ਮੁਜਰਿਮਾਂ ਨਾਲ ਹੋਰ ਵਿਹਾਰ ਹੋ ਰਿਹਾ ਹੈ ਜਦਕਿ ਸਿਖ ਨਜਰਬੰਦਾਂ ਦੀ ਰਿਹਾਈ ਰੋਕਣ ਲਈ ਹੋਰ ਵਿਹਾਰ ਕੀਤਾ ਜਾ ਰਿਹਾ ਹੈ।ਉਨਾਂ ਇਸ ਲਈ ਪੰਜਾਬ ਸਰਕਾਰ ਉਤੇ ਤਾਬੜਤੋੜ ਹਮਲੇ ਕੀਤੇ।
ਸਿਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਿਖ ਨੌਜਵਾਨਾਂ ਨੂੰ ਕੁਰਾਹੇ ਪਾਕੇ ਉਨਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਦੂਰ ਰੱਖਣ ਦੀ ਮੰਦਭਾਵਨਾ ਤਹਿਤ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗਾਇਆ ਜਾ ਰਿਹਾ ਹੈ।
ਇਸ ਮੌਕੇ ਸਿਖ ਨੌਜਵਾਨ ਆਗੂ ਸੁਖਵਿੰਦਰ ਸਿੰਘ ਨੇ ਸਿਖ ਨੌਜਵਾਨਾਂ ਨੂੰ ਬਹੁਗਿਣਤੀ ਕੌਮ ਦੇ ਮਾਰੂ ਏਜੰਡੇ ਨੂੰ ਸਮਝਣ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਜੂਝਣ ਦਾ ਹੋਕਾ ਦਿਤਾ।ਉਨਾਂ ਕਿਹਾ ਕਿ ਸਿਖ ਜਵਾਨੀ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ।
ਇਸ ਮੌਕੇ ਜਗਜੀਤ ਸਿੰਘ ਖੋਸਾ ਤੇ ਸੁਰਜੀਤ ਸਿੰਘ ਖਾਲਿਸਤਾਨੀ ਨੇ ਵੀ ਸੰਬੋਧਨ ਕੀਤਾ। ਇਸ ਭਖਵੀ ਇਕਤਰਤਾ ਵਿਚ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਰੇਸ਼ਮ ਸਿੰਘ,ਬਾਬਾ ਮਹਿੰਦਰ ਸਿੰਘ, ਏਕ ਨੂਰ ਖਾਲਸਾ ਫੌਜ ਤੋਂ ਹਰਜਿੰਦਰ ਸਿੰਘ ਫੌਜੀ,ਰੇਸ਼ਮ ਸਿੰਘ ਖੁਖਰਾਣਾ,ਰਾਜਿੰਦਰ ਸਿੰਘ ਕੋਟਲਾ,ਗੁਰਦੀਪ ਸਿੰਘ,ਨੋਬਲਜੀਤ ਸਿੰਘ,ਰਣਬੀਰ ਸਿੰਘ, ਗੁਰਮੀਤ ਸਿੰਘ,ਮਨਜੀਤ ਸਿੰਘ ਨੇ ਵੀ ਹਾਜਰੀਆਂ ਭਰੀਆਂ।