ਕੈਲੀਫੋਰਨੀਆ, (18 ਨਵੰਬਰ, 2013): ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐਨ ਐਚ ਆਰ ਸੀ) ਵਿਚ ਦਾਇਰ ‘1984 ਸਿਖ ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਸਿਖ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਵਿਸ਼ਵ ਵਿਆਪੀ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਬੀਤੇ ਦਿਨ 17 ਨਵੰਬਰ ਨੂੰ ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ 20 ਤੋਂ ਵੱਧ ਦੇਸ਼ਾਂ ਵਿਚ ਗੁਰਦੁਆਰਿਆਂ ਵਿਚ ਦਸਤਖਤੀ ਕੈਂਪ ਲਗਾਏ। ਇਨ੍ਹਾਂ ਕੈਂਪਾਂ ਨੂੰ ਸਿਖਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਿਆਂ ਵਿਚ ਪਹੁੰਚੇ ਸਨ ਅਤੇ ਸੈਂਕੜੇ ਹਜ਼ਾਰ ਦਸਤਖਤ ਇਕੱਠੇ ਕਰ ਲਏ ਗਏ ਹਨ।
ਇਹ ਸਿਖ ਨਸਲਕੁਸ਼ੀ ਸ਼ਿਕਾਇਤ ’ਤੇ ਅਗਸਤ 2014 ਵਿਚ ਯੂ ਐਨ ਦੇ ਵਰਕਿੰਗ ਗਰੁੱਪ ਆਫ ਕਮਿਊਨਿਕੇਸ਼ਨਸ ਵਲੋਂ ਵਿਚਾਰ ਕੀਤੀ ਜਾਣ ਦੀ ਸੰਭਾਵਨਾ ਹੈ। ਉਦੋਂ ਤੱਕ ਸਿਖ ਜਥੇਬੰਦੀਆਂ ‘1984 ਸਿਖ ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਦਸਤਖਤ ਇਕੱਠੇ ਕਰਨਾ ਜਾਰੀ ਰਖਣਗੀਆਂ ਤੇ ਇਨ੍ਹਾਂ ਨੂੰ ਯੂ ਐਨ ਐਚ ਆਰ ਸੀ ਅੱਗੇ ਪੇਸ਼ ਕੀਤਾ ਜਾਵੇਗਾ।
ਐਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ 29 ਸਾਲਾਂ ਤੋਂ ਇਨਸਾਫ ਤੋਂ ਇਨਕਾਰ ਕਰਨਾ ਤੇ ਸਿਖਾਂ ’ਤੇ ਨਸਲਕੁਸ਼ੀ ਹਮਲੇ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਕਾਰਨ ਪੀੜਤਾਂ ਨੂੰ ਸੰਯੁਕਤ ਰਾਸ਼ਟਰ ਅੱਗੇ ਇਹ ਸ਼ਿਕਾਇਤ ਦਾਇਰ ਕਰਨੀ ਪਈ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਸਿਖ ਭਾਈਚਾਰੇ ਨੇ ਭਾਰਤ ਵਿਚ ਹਰ ਨਿਆਂਇਕ ਪ੍ਰਕ੍ਰਿਆ ਅਪਣਾ ਕੇ ਵੇਖ ਲਈ ਪਰ ਕੋਈ ਇਨਸਾਫ ਨਹੀਂ ਮਿਲਿਆ ਤੇ ਹੁਣ ਮਨੁੱਖੀ ਅਧਿਕਾਰ ਕੌਂਸਲ ਇਸ ਸ਼ਿਕਾਇਤ ’ਤੇ ਵਿਚਾਰ ਕਰੇਗੀ ਤੇ ਸੁਣਵਾਈ ਕਰਕੇ ਪੀੜਤਾਂ ਨੂੰ ਇਹ ਇਜ਼ਾਜਤ ਦੇਵੇਗੀ ਕਿ ਉਹ ਸਿਖ ਨਸਲਕੁਸ਼ੀ ਸਬੰਧੀ ਸਬੂਤ ਪੇਸ਼ ਕਰੇ।
ਸਿਖ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਆਮ ਸਹਿਮਤੀ ਬਣਾ ਲਈ ਹੈ ਕਿ ਸਮੁੱਚੇ ਭਾਰਤ ਦੇ 100 ਤੋਂ ਵੱਧ ਸ਼ਹਿਰਾਂ ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦੇ ਹਾਲ ਵਿਚ ਹੋਏ ਖੁਲਾਸੇ ਇਹ ਸਾਬਤ ਕਰਦੇ ਹਨ ਕਿ ਨਵੰਬਰ 1984 ਨਸਲਕੁਸ਼ੀ ਸੀ ਜਿਵੇਂ ਕਿ ਨਸਲਕੁਸ਼ੀ ਬਾਰੇ ਯੂ ਐਨ ਕਨਵੈਨਸ਼ਨ ਦੀ ਧਾਰਾ 2 ਵਿਚ ਵਿਆਖਿਆ ਕੀਤੀ ਗਈ ਹੈ। ਇਨ੍ਹਾਂ ਨਸਲਕੁਸ਼ੀ ਹਮਲਿਆਂ ਦੀ ਤੀਬਰਤਾ, ਮੰਤਵ ਅਤੇ ਭਾਰੀ ਜਾਨੀ ਨੁਕਸਾਨ ਨੂੰ ਭਾਰਤ ਸਰਕਾਰਾਂ ਵਲੋਂ ‘ਦਿੱਲੀ ਦੇ ਸਿਖ ਵਿਰੋਧੀ ਦੰਗਿਆਂ’ ਦਸ ਕੇ ਪ੍ਰਚਾਰਕੇ ਛੁਪਾਇਆ ਜਾਂਦਾ ਰਿਹਾ ਹੈ। ਹਾਲ ਵਿਚ ਮਿਲੇ ਸਬੂਤ ਇਹ ਦਰਸਾਉਂਦੇ ਹਨ ਕਿ ਨਵੰਬਰ 1984 ਦੇ ਪੀੜਤਾਂ ਵਲੋਂ 37000 ਤੋਂ ਵੱਧ ਮੌਤ ਅਤੇ ਜ਼ਖਮੀਆਂ ਦੇ ਦਾਅਵੇ ਕੀਤੇ ਗਏ ਸਨ ਜਿਨ੍ਹਾਂ ਵਚਿੋਂ 20,000 ਤੋਂ ਵੱਧ ਦਾਅਵੇ ਉਹ ਸਨ ਜਿਨ੍ਹਾਂ ’ਤੇ ਦਿੱਲੀ ਤੋਂ ਬਾਹਰ ਹਮਲੇ ਹੋਏ ਸਨ।
ਇਹ ਵਿਸ਼ਵ ਵਿਆਪੀ ਸਿਖ ਨਸਲਕੁਸ਼ੀ ਪਟੀਸ਼ਨ ਦਸਤਖਤੀ ਮੁਹਿੰਮ ਇਕੋ ਇਕ ਅਜਿਹੀ ਮੁਹਿੰਮ ਹੈ ਜੋ ਕਿ 17 ਨਵੰਬਰ ਨੂੰ ਇਕੋ ਵਾਰ ਅਮਰੀਕਾ, ਕੈਨੇਡਾ, ਯੂ ਕੇ, ਫਰਾਂਸ, ਜਰਮਨੀ, ਬੈਲਜੀਅਮ, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਹਾਲੈਂਡ, ਸਪੇਨ, ਹਾਂਗਕਾਂਗ, ਸਿੰਗਾਪੁਰ, ਨਿਪਾਲ, ਮਲੇਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਸ਼ੁਰੂ ਕੀਤੀ ਗਈ ਹੈ।