ਖਾਸ ਖਬਰਾਂ

ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਪੰਜਾਬੀ ਦੇ ਹੱਕ ’ਚ ਵਿਖਾਵਾ

By ਸਿੱਖ ਸਿਆਸਤ ਬਿਊਰੋ

September 19, 2019

ਸਾਦਿਕ (18 ਸਤੰਬਰ, 2019): ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਸਥਾਨਕ ਚੌਂਕ ਵਿੱਚ ਇਸ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ , ਹੱਥਾਂ ਵਿੱਚ ਪੰਜਾਬੀ ਬੋਲੀ ਪ੍ਰਤੀ ਪਿਆਰ ਸਤਿਕਾਰ ਨੂੰ ਦਰਸਾਉਂਦੇ ਮਾਟੋ ਫੜ੍ਹੀ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਭਾਸ਼ਾਈ ਅਜਾਦੀ ਦਾ ਹੌਕਾ ਦਿੰਦਿਆਂ ਭਾਸ਼ਾ ਵਿਭਾਗ ਦੇ “ਹਿੰਦੀ ਸਮਾਰੋਹ” ਦੌਰਾਨ ਪੰਜਾਬੀ ਪ੍ਰਤੀ ਬੋਲੇ ਗਏ ਨਿਰਾਦਰ ਭਰੇ ਸ਼ਬਦਾਂ ਦੀ ਨਿਖੇਧੀ ਕੀਤੀ ਗਈ ਅਤੇ ਭਾਜਪਾ ਆਗੂਆਂ ਵੱਲੋਂ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਸੁਨੇਹੇ ’ਤੇ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਆਖਿਆ ਕਿ ਭਾਰਤ ਵੱਖ-ਵੱਖ ਧਰਮਾਂ, ਬੋਲੀਆਂ, ਸੱਭਿਆਚਾਰਾਂ ਦਾ ਦੇਸ਼ ਹੈ ਇਸ ਲਈ ਇੱਥੋਂ ਦੇ ਲੋਕਾਂ ’ਤੇ ਇੱਕ ਖਾਸ ਫਿਰਕੇ ਦੀ ਭਾਸ਼ਾ ਨੂੰ ਥੋਪਿਆ ਨਹੀਂ ਜਾ ਸਕਦਾ।

ਇਸ ਮੌਕੇ ਲਿਖਾਰੀ ਸਭਾ ਸਾਦਿਕ ਦੇ ਪ੍ਰਧਾਨ ਤੇਜਿੰਦਰ ਸਿੰਘ ਬਰਾੜ ਤੇ ਰੂਪ ਸਿੰਘ ਢਿੱਲੋਂ ਨੇ ਆਖਿਆ ਕਿ “ਅਸੀਂ ਮੁਲਕ ਵਿੱਚ ਹਿੰਦੀ ਸਮੇਤ ਬੋਲੀਆਂ ਜਾਣ ਵਾਲੀਆਂ ਸਭ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਜੇਕਰ ਕੋਈ ਪੰਜਾਬੀ ਭਾਸ਼ਾ ਨਾਲ ਦੁਰਵਿਹਾਰ ਕਰੇ ਇਹ ਹਰਗਿਜ਼ ਬਰਦਾਸ਼ਿਤ ਨਹੀਂ ਕਰਾਂਗੇ”।

ਉਹਨਾਂ ਸ਼ਿਕਵਾ ਜਾਹਿਰ ਕਰਦਿਆਂ ਕਿਹਾ ਕਿ ਹਿੰਦੀ ਤੇ ਉਰਦੂ ਲੇਖਕਾਂ ਵੱਲੋਂ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਦੱਸਿਆ ਗਿਆ ਪਰ ਜਦੋਂ ਪੰਜਾਬੀ ਵਿਦਵਾਨ ਤੇਜਵੰਤ ਸਿੰਘ ਮਾਨ ਆਪਣੀ ਗੱਲ ਰੱਖਣ ਲੱਗੇ ਤਾਂ ਪ੍ਰਬੰਧਕਾਂ ਵੱਲੋਂ ਮਾਈਕ ਬੰਦ ਕੀਤਾ ਜਾਣਾ ਬਹੁਤ ਮੰਦਭਾਗਾ ਹੈ।

ਇਸ ਮੌਕੇ ਜਸਵੀਰ ਕੰਗ, ਕਰਨਜੀਤ ਸਿੰਘ ਦਰਦ, ਜਸਵਿੰਦਰ ਸਿੰਘ, ਗੁਰਪ੍ਰੀਤ ਬਜਾਜ, ਮਾਸਟਰ ਜਗਮੀਤ ਸਿੰਘ ਤੇ ਸੰਦੀਪ ਗੁਲਾਟੀ ਵੀ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: