ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜਲੰਧਰ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ 20 ਸਤੰਬਰ ਨੂੰ ਇਕ ਖ਼ਬਰ ਪ੍ਰਕਾਸ਼ਿਤ ਹੋਈ ਸੀ ਜਿਸ ਵਿਚ ਸ਼ਿਵ ਸੈਨਾ ਦੇ ਆਗੂ ਅਤੇ ਨਿਹੰਗ ਬਾਣੇ ਵਿਚ ਬੈਠੇ ਕੁਝ ਬੰਦਿਆਂ ਵਲੋਂ ਸ਼ਿਵ ਸੈਨਿਕਾਂ ਨੂੰ ਸਰਕਾਰੀ ਸੁਰੱਖਿਆ ਦੀ ਮੰਗ ਕਰਦੇ ਦਿਖਾਇਆ ਗਿਆ ਸੀ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਗਿਆਨੀ ਸਿਮਰਨਜੀਤ ਸਿੰਘ ਨੇ ‘ਸ਼ਿਵ ਸੈਨਾ ਦੇ ਝੂਠੇ ਬਿਆਨ’ ਵਿਚ ਬੈਠੇ ਨਿਹੰਗਾਂ ਨਾਲ ਗੁਰੂ ਦੀ ਵਡਾਲੀ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਰਾਬਤਾ ਕਾਇਮ ਕੀਤਾ।
ਜਥੇਬੰਦੀ ਦੇ ਆਗੂਆਂ ਨੇ ਜਥੇਦਾਰ ਕੁਲਵੰਤ ਸਿੰਘ ਨਿਹੰਗ ਤਰਨਾ ਦਲ ਨਾਲ ਗੱਲਬਾਤ ਕੀਤੀ ਅਤੇ ਪੂਰੇ ਘਟਨਾਕ੍ਰਮ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਨਿਹੰਗ ਆਗੂ ਜਥੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਗਬਾਣੀ ਅਖਬਾਰ ਅਤੇ ਸ਼ਿਵ ਸੈਨਿਕਾਂ ਨੇ ਸਾਡੇ ਨਾਲ ਧੋਖਾ ਕਰਕੇ ਇਹ ਗਲਤ ਬਿਆਨ ਸਾਡੇ ਨਾˆ ‘ਤੇ ਅਤੇ ਗਲਤ ਸ਼ਬਦਾਵਲੀ ਸਾਡੇ ਮੂੰਹ ‘ਚ ਪਾ ਕੇ ਲਗਾੲਿਆ ਹੈ, ਸਾਡਾ ਇਸ ਬਿਆਨ ਨਾਲ ਸਾਡਾ ਕੋਈ ਸੰਬੰਧ ਨਹੀਂ। ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ, ਉਹ ਕਿਸੇ ਘਰੇਲੂ ਝਗੜੇ ਦੇ ਫ਼ੈਸਲੇ ਦੇ ਸੰਬੰਧ ‘ਚ ਉਥੇ ਗਏ ਸਨ, ਪਰ ਉਨ੍ਹਾਂ ਦੇ ਉਥੇ ਜਾਣ ਤੋਂ ਪਹਿਲਾਂ ਹੀ ਦੋਵਾਂ ਧਿਰਾਂ ‘ਚ ਸਮਝੌਤਾ ਹੋ ਗਿਆ ਸੀ। ਉਥੇ ਮੌਜੂਦ ਬੰਦਿਆਂ ਨੇ ਨਿਹੰਗ ਸਿੰਘਾਂ ਨੂੰ ਕੁਝ ਛਕਣ ਦੀ ਬੇਨਤੀ ਕਰਦਿਆਂ ਆਪਣੇ ਕੋਲ ਬਿਠਾ ਲਿਆ ਅਤੇ ਕਹਿਣ ਲੱਗੇ ਕਿ ਗੁਰੂ ਕਾ ਖ਼ਾਲਸਾ ਆਇਆ ਹੈ, ਸਾਰੇ ਇਕੱਠੇ ਹੋ ਕੇ ਤਸਵੀਰ ਕਰਾਈਏ ਤੇ ਇਸ ਤਰ੍ਹਾਂ ਉਨ੍ਹਾਂ ਕੁਝ ਲੋਕਾਂ ਨੇ ਤਸਵੀਰਾਂ ਖਿੱਚ ਲਈਆਂ ਤੇ ਅਖ਼ਬਾਰ ‘ਚ ਹੋਰ ਹੀ ਮਨਘੜਤ ਬਿਆਨ ਬਣਾ ਕੇ ਪੇਸ਼ ਕਰ ਦਿੱਤਾ।
ਝੂਠੇ ਬਿਆਨ ਦੀ ਤਸਵੀਰ ‘ਚ ਬੈਠੇ ਨਿਹੰਗਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਲੋਕ ਸ਼ਿਵ ਸੈਨਿਕਾਂ ਦੇ ਆਗੂ ਸਨ ਜਾਂ ਉਥੇ ਦੁਕਾਨ ‘ਚ ਸ਼ਿਵ ਸੈਨਿਕਾਂ ਦਾ ਦਫ਼ਤਰ ਸੀ, ਓਥੇ ਦੁਕਾਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਸੀ। ਨਿਹੰਗ ਸਿੰਘਾਂ ਨੇ ਕਿਹਾ ਕਿ ਜੇ ਸਾਡੇ ਕਰਕੇ ਸਿੱਖ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਸੰਗਤਾਂ ਤੋਂ ਮਾਫ਼ੀ ਮੰਗਦੇ ਹਾਂ ਤੇ ਸਪੱਸ਼ਟ ਕਰਦੇ ਹਾਂ ਕਿ ਸਾਡਾ ਸ਼ਿਵ ਸੈਨਿਕਾਂ ਨਾਲ ਕੋਈ ਸੰਬੰਧ ਨਹੀਂ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਜਥੇ ਦੇ ਬਾਕੀ ਨਿਹੰਗ ਸਿੰਘਾਂ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਤੇ ਸ਼ਿਵ ਸੈਨਿਕਾਂ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਿਆ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਖ਼ਾਲਿਸਤਾਨੀ ਅਤੇ ਭਾਈ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।