Site icon Sikh Siyasat News

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ‘ਮਨਮਰਜ਼ੀਆਂ’ ਫਿਲਮ ਦਾ ਵਿਰੋਧ

ਫਿਲਮ 'ਮਨਮਰਜ਼ੀਆਂ' ਦੇ ਇਕ ਦ੍ਰਿਸ਼ ਵਿਚ ਅਦਾਕਾਰ ਅਭਿਸ਼ੇਕ ਬਚਨ ਅਤੇ ਅਦਾਕਾਰਾ ਤਪਸੀ ਪਨੂੰ

ਫਤਹਿਗੜ੍ਹ ਸਾਹਿਬ: ਵਿਵਾਦਿਤ ਫਿਲਮ ‘ਮਨਮਰਜ਼ੀਆਂ’ ਨੂੰ ਸਿੱਖ ਵਿਰੋਧੀ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਮਨਮਰਜੀਆ ਫਿਲਮ ਵਿਚ ਸਿੱਖੀ ਕਿਰਦਾਰ ਨੂੰ ਸ਼ੱਕੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉੱਚੇ-ਸੁੱਚੇ ਸਿੱਖੀ ਕਿਰਦਾਰ ਨੂੰ ਸੱ਼ਕੀ ਬਣਾਉਣ ਦੀ ਡੂੰਘੀ ਸਾਜ਼ਿਸ ਵਾਲੇ ਨਿਭਾਏ ਗਏ ਰੋਲ ਉਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਦੀਆਂ ਸਿੱਖ ਵਿਰੋਧੀ ਕਾਰਵਾਈਆ ਵਿਰੱੁਧ ਸਖ਼ਤ ਸਟੈਂਡ ਲੈਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਉਪਰੋਕਤ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਨਾਇਕ ਅਤੇ ਨਾਇਕਾ ਵਿਰੁੱਧ ਸਿੱਖੀ ਮਰਿਯਾਦਾਵਾਂ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਜੋ ਵੀ ਫਿਲਮ ਸਾਜ, ਨਾਟਕਕਾਰ ਸਮੇਂ-ਸਮੇਂ ਤੇ ਮੁਤੱਸਵੀ ਕੱਟੜਵਾਦੀ ਸਿਆਸਤਦਾਨਾਂ ਦੇ ਆਦੇਸ਼ਾਂ ਤੇ ਜਾਂ ਫਿਰਕੂ ਭਾਵਨਾ ਅਧੀਨ ਅਜਿਹੇ ਅਮਲ ਕਰਦੇ ਹਨ ਉਨ੍ਹਾਂ ਵਿਰੱੁਧ ਤੁਰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਸਿੱਖ ਵਿਰੋਧੀ ਹੁਕਮਰਾਨ ਸਿੱਖ ਮਨਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਕਰਨ ਦੀ ਗੁਸਤਾਖੀ ਨਾ ਕਰ ਸਕੇ ।

ਉਨ੍ਹਾਂ ਕਿਹਾ ਕਿ ਅਭਿਸੇਕ ਬਚਨ ਕਹਿੰਦੇ ਹਨ ਕਿ ਜੇਕਰ ਮੇਰੀ ਦਾਦੀ ਜਿਊਂਦੀ ਹੁੰਦੀ ਤਾਂ ਉਹ ਮੇਰੀ ਸਿੱਖ ਭੂਮਿਕਾ ਦੇਖਕੇ ਖੁਸ਼ ਹੁੰਦੀ। ਜੇਕਰ ਉਸਦੀ ਦਾਦੀ ਵਾਅਕਿਆ ਹੀ ਕਿਸੇ ਸਿੱਖ ਪਰਿਵਾਰ ਵਿਚੋਂ ਸੀ, ਤਾਂ ਉਹ ਅਭਿਸ਼ੇਕ ਬਚਨ ਨੂੰ ਫਿਲਮ ਵਿਚ ਸਿਗਰਟ ਪੀਂਦੇ ਦੇਖਕੇ ਲਾਹਨਤਾ ਵੀ ਪਾਉਂਦੀ ਅਤੇ ਮਨ-ਆਤਮਾ ਤੋਂ ਦੁੱਖੀ ਵੀ ਹੁੰਦੀ। ਕਿਉਂਕਿ ਕੋਈ ਵੀ ਸਿੱਖ ਮਾਤਾ ਜਾਂ ਦਾਦੀ ਆਪਣੇ ਪੁੱਤਰ, ਪੋਤਿਆਂ ਜਾਂ ਦੋਹਤਿਆਂ ਨੂੰ ਅਜਿਹੀਆ ਸਿੱਖ ਵਿਰੋਧੀ ਭੂਮਿਕਾਵਾਂ ਨਿਭਾਉਣ ਜਾਂ ਅਮਲ ਕਰਨ ਦੀ ਇਜ਼ਾਜਤ ਨਹੀਂ ਦੇ ਸਕਦੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version