ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਕਿਰਾਏ 'ਤੇ ਚਾੜ੍ਹੀਆਂ ਗਈਆਂ ਦੁਕਾਨਾ ਦੀ ਤਸਵੀਰ।

ਖਾਸ ਖਬਰਾਂ

ਸ਼੍ਰੋ.ਗੁ.ਪ੍ਰ.ਕ ਭੁੱਲੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ: ਪ੍ਰੇਮੀਆਂ ਨੂੰ ਕਿਰਾਏ ਉੱਤੇ ਚਾੜ੍ਹੀਆਂ ਸਨ ਦੁਕਾਨਾਂ

By ਸਿੱਖ ਸਿਆਸਤ ਬਿਊਰੋ

November 12, 2018

ਭਗਤਾ ਭਾਈ: ਸਿੰਘ ਸਭਾ ਲਹਿਰ ਵਿੱਚ ਅਨੇਕਾ ਸਿੱਖਾਂ ਵਲੋਂ ਸ਼ਹਾਦਤਾਂ ਦੇਣ ਤੋਂ ਬਾਅਦ ਗੁਰਦੁਆਰਾ ਸਾਹਿਬਾਨਾ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵਿੱਚ ਪਿਛਲੇ 30 ਸਾਲਾਂ ਵਿਚਕਾਰ ਬਹੁਤ ਵੱਡੇ ਨਿਘਾਰ ਆਏ ਹਨ।ਇਸ ਸੰਸਥਾ ਦਾ ਮੁੱਖ ਮਨੋਰਥ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸੰਭਾਲ ਅਤੇ ਇਤਿਹਾਸਿਕ-ਵਿਰਾਸਤੀ ਇਮਾਰਤਾਂ ਦਾ ਚੰਗੇਰਾ ਰੱਖ ਰਖਾਅ ਨਾ ਹੋ ਕੇ ਇੱਕ ਜਗੀਰੂ ਪਾਰਟੀ ਦੀ ਸੇਵਾ ਕਰਨਾ ਹੋ ਗਿਆ ਹੈ।

ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਭਾਵ ਹੇਂਠ ਸ਼ਰੋਮਣੀ ਕਮੇਟੀ ਅਤੇ ਇਸ ਵਲੋਂ ਥਾਪੇ ਗਏ ਜਥੇਦਾਰਾਂ ਵਲੋਂ ਅਜਿਹੇ ਕਈਂ ਫੈਸਲੇ ਲਏ ਗਏ ਹਨ ਜਿਸ ਕਰਕੇ ਇਸਦੇ ਵੱਕਾਰ ਨੂੰ ਵੱਡੀ ਢਾਹ ਲੱਗੀ ਹੈ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਕਾਮਿਆਂ ਦੀ ਇੱਕ ਹੋਰ ਵੱਡੀ ਅਣਗਹਿਲੀ ਸਾਹਮਣੇ ਆਈ ਹੈ।ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸਵਾਂਗ ਰਚ ਕੇ ਗੁਰੂ ਸਰੂਪ ਦੀ ਕੀਤੀ ਗਈ ਬੇਅਦਬੀ ਤੋਂ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਿਰਸਾ ਨਾਲ ਸੰਬੰਧਿਤ ਕਿਸੇ ਵੀ ਬੰਦੇ ਨਾਲ ਕਿਸੇ ਵੀ ਤਰੀਕੇ ਦੀ ਆਰਥਿਕ, ਸਮਾਜਿਕ ਅਤੇ ਪਰਿਵਾਰਿਕ ਸਾਂਝ ਨਹੀਂ ਰੱਖਣੀ।

ਹਾਲ ਹੀ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਉਲਟ ਜਾ ਕੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਭਗਤਾ-ਭਾਈ ਦੇ ਬੱਸ ਅੱਡੇ ਦੀਆਂ ਦੁਕਾਨਾਂ ਕਿਰਾਏ ਉੱਤੇ ਚਾੜ੍ਹੀਆਂ ਹੋਈਆਂ ਹਨ।

ਭਗਤਾ ਭਾਈ ਦੇ ਰਹਿਣ ਵਾਲੇ ਡੇਰਾ ਪ੍ਰੇਮੀ ਜਤਿੰਦਰਬੀਰ ਜਿੰਮੀ ਅਤੇ ਕੁਲਦੀਪ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਕਰਕੇ ਇਹ ਦੁਕਾਨਾਂ ਹਾਲ ਦੀ ਘੜੀ ਬੰਦ ਸਨ ਜਿਹਨਾਂ ਉੱਤੇ ਬੀਤੇ ਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਮੁਲਾਜਮਾਂ ਨੇ ਆਪਣੇ ਜਿੰਦਰੇ ਲਾ ਦਿੱਤੇ ਹਨ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਕਾਰਵਾਈ ਸਿੱਖ ਜਥੇਬੰਦੀਆਂ ਵਲੋਂ ਸੰਘਰਸ਼ ਵਿੱਢਣ ਦੀਆਂ ਦਿੱਤੀਆਂ ਗਈਆਂ ਚੇਤਾਵਨੀਆਂ ਤੋਂ ਬਾਅਦ ਅਮਲ ਵਿੱਚ ਆਈ।ਹਲਕਿਆਂ ਅਨੁਸਾਰ ਇਹ ਕਾਰਵਾਈ ਸ਼੍ਰੋ.ਗੁ.ਪ੍ਰ.ਕ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: