ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਬਾਬਾ ਬਕਾਲਾ ਦੀ ਧਰਤੀ ‘ਤੇ ਹੋਈ ਸਿਆਸੀ ਕਾਨਫਰੰਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਨੇ ‘ਸਰਬੱਤ ਖਾਲਸਾ 2016’ ਅਤੇ ‘ਸਰਕਾਰ-ਏ-ਖਾਲਸਾ’ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ ਹੈ। ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਹੁੰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਸੁਚੇਤ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 2017 ਲਈ ਜੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਸਬਜ਼ਬਾਗ ਵਿਖਾ ਰਹੀਆਂ ਹਨ ਉਹ ਨਾ ਤਾਂ ਪੰਜਾਬ ਦੇ ਹਿੱਤ ਵਿੱਚ ਹਨ ਤੇ ਨਾ ਹੀ ਪੰਥ ਦੇ ਹਿੱਤ ਵਿੱਚ।
ਮਾਨ ਨੇ ਦੱਸਿਆ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਜਿਸਨੇ ਸਾਲ 2002 ਵਿੱਚ ਅਣਗਿਣਤ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, 60 ਹਜ਼ਾਰ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਜ਼ਿਮੀਂਦਾਰਾਂ ਨੂੰ ਜ਼ਮੀਨਾਂ ਤੋਂ ਵਾਂਝਾ ਕੀਤਾ ਜਿਸਦੇ ਇਵਜ਼ ਵਿੱਚ ਹਿੰਦੂਤਵੀ ਏਜੰਡੇ ਦੀ ਧਾਰਣੀ ਭਾਜਪਾ ਨੇ ਉਸਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਉਨ੍ਹਾਂ ਦੱਸਿਆ ਕਿ ਹੁਣ ਇਹੀ ਮੋਦੀ ਇੱਕ ਵਾਰ ਫਿਰ ਕਸ਼ਮੀਰ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਵਾ ਰਿਹਾ ਹੈ, ਪਿਛਲੇ 42-43 ਦਿਨਾਂ ਤੋਂ ਕਸ਼ਮੀਰੀ ਸਿੱਖ ਅਤੇ ਮੁਸਲਮਾਨ ਕਰਫਿਊ ਕਾਰਣ ਘਰਾਂ ਵਿੱਚ ਕੈਦ ਹਨ ਲੇਕਿਨ ਕਿਸੇ ਭਾਜਪਾ, ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਨਾ ਮੁਸਲਮਾਨਾਂ ਦੀ ਫਿਕਰ ਹੈ ਤੇ ਨਾ ਸਿੱਖਾਂ ਦੀ।
ਮਾਨ ਨੇ ਕਿਹਾ ਕਿ ਸਿੱਖਾਂ ਦੀ ਹਾਲਤ ਤਾਂ ਉਸ ਕਾਂ ਵਾਲੀ ਹੈ ਜੋ ਕੋਇਲ ਦੇ ਬੱਚੇ ਹੀ ਪਾਲਦਾ ਰਹਿੰਦਾ, ਪਹਿਲਾਂ ਲੜਾਈ ਸਿੱਖ ਰਾਜ ਦੀ ਸੀ ਤਾਂ ਰੌਲਾ ਬ੍ਰਿਟਿਸ਼ ਸਾਮਰਾਜ ਤੋਂ ਅਜਾਦੀ ਦਾ ਪਾ ਦਿੱਤਾ ਗਿਆ, ਫਿਰ ਇਸੇ ਅਜ਼ਾਦੀ ਨੇ ਦਰਬਾਰ ਸਾਹਿਬ ਉਪਰ ਫੌਜ ਚੜ੍ਹਾਈ, ਫਿਰ ਕਹਿ ਦਿੱਤਾ ਗਿਆ ਕਾਂਗਰਸ ਭਜਾਉ-ਪੰਥ ਬਚਾਉ ਤੇ ਹੁਣ ਬਾਦਲ ਭਜਾਉ। ਮਾਨ ਨੇ ਸੱਦਾ ਦਿੱਤਾ ਕਿ ਬਾਦਲ ਤਾਂ ਭਜਾਉਣਾ ਹੀ ਹੈ ਲੇਕਿਨ ਸੂਬੇ ਦੇ ਵਾਗਡੋਰ ਕਿਸੇ ਅਜਿਹੀ ਹੋਰ ਪਾਰਟੀ ਹੱਥ ਵੀ ਨਹੀਂ ਦੇਣੀ ਜੋ ਸਿੱਖਾਂ ਨੂੰ ਕਿਸੇ ਹੋਰ ਗੁਲਾਮੀ ਵੱਲ ਧੱਕ ਦੇਵੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਵੱਖਰੇ ਧਰਮ ਦੇ ਨਾਲ ਹੀ ਇੱਕ ਕੌਮ ਵਜੋਂ ਸਥਾਪਿਤ ਕੀਤਾ ਸੀ, ਕੌਮੀਅਤ ਦੇ ਫਰਜ਼ ਹੁੰਦੇ ਹਨ ਤੇ ਰਾਜਭਾਗ ਤੋਂ ਬਿਨਾਂ ਕੌਮ ਕਿਸੇ ਕੰਮ ਦੀ ਨਹੀਂ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਕਿਹਾ ਕਿ ਜਲੰਧਰ ਵਿੱਚ ਇੱਕ ਆਰ.ਐਸ.ਐਸ. ਆਗੂ ਨੂੰ ਕੋਈ ਗੋਲੀ ਮਾਰ ਗਿਆ ਤਾਂ ਸਾਰਾ ਦੇਸ਼ ਜਾਗ ਪਿਆ, ਪੂਰੀ ਦਿੱਲੀ ਉਸ ਆਗੂ ਦੇ ਜ਼ਖਮੀ ਹੋਣ ‘ਤੇ ਕੁਰਲਾ ਉੱਠੀ ਲੇਕਿਨ ਸਿੱਖ ਕੌਮ ਦੇ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਦਰਸ਼ਨ ਸਿੰਘ ਲੁਹਾਰਾ, ਭਾਈ ਜਸਪਾਲ ਸਿੰਘ ਸਿਧਵਾਂ ਚੌੜ ਨੂੰ ਗੋਲੀਆਂ ਮਾਰਨ ਵਾਲੇ ਪਹਿਚਾਣੇ ਵੀ ਗਏ ਹਨ ਲੇਕਿਨ ਅਜੇ ਤੀਕ ਕਿਸੇ ਨੇ ਇਨਸਾਫ ਦੇਣਾ ਜ਼ਰੂਰੀ ਨਹੀਂ ਸਮਝਿਆ, ਸਾਡੇ ਸਵੈਮਾਣ ਨੂੰ ਵੰਗਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੱਡੇ ਹਿੰਦੂ ਸ਼ਾਹੂਕਾਰਾਂ ਦੇ 92 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ‘ਤੇ ਲੀਕ ਫੇਰ ਦਿੱਤੀ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਦਾ ਇੱਕ ਹਜ਼ਾਰ ਕਰੋੜ ਦਾ ਕਰਜ਼ਾ ਨਿੱਤ ਦਿਨ ਖੁਦਕੁਸ਼ੀਆਂ ਦੇ ਸੁਨੇਹੇ ਦੇ ਰਿਹਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ‘ਤੇ ਲਾਲ ਲਕੀਰ ਜ਼ਰੂਰ ਵਜੇਗੀ।
ਪਾਰਟੀ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਿਸ ਸਰਕਾਰ ਦੇ ਰਾਜ ਵਿੱਚ ਨਾ ਮੁਲਾਜ਼ਮ, ਨਾ ਵਪਾਰੀ, ਨਾ ਕਿਸੇ ਦੀ ਧੀਅ-ਭੈਣ, ਨਾ ਮਾਂ, ਨਾ ਪੁੱਤ, ਨਾ ਬਾਪ ਸੁਰੱਖਿਅਤ ਹੈ ਉਸਦੇ ਰਾਜ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਵੀ ਸੁਰੱਖਿਅਤ ਨਹੀਂ ਹੈ ਤੇ ਉਹ ਪੰਥਕ ਬਣੀ ਫਿਰਦੀ ਹੈ ਇਹੀ ਸਾਡੀ ਤਰਾਸਦੀ ਹੈ। ਉਨ੍ਹਾਂ ਦੱਸਿਆ ਕਿ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋ ਰਿਹਾ ਸਰਬੱਤ ਖਾਲਸਾ ਕੌਮ ਦਾ ਭਵਿੱਖ ਤੈਅ ਕਰੇਗਾ ਅਤੇ ਉਸਦੇ 110 ਦਿਨ ਬਾਅਦ ਕੌਮ ਸਰਕਾਰ-ਏ-ਖਾਲਸਾ ਸਥਾਪਿਤ ਕਰੇਗੀ, ਇਹ ਅਹਿਦ ਕਰੋ ਤੇ ਯਤਨਸ਼ੀਲ ਹੋਵੋ ਕਿਉਂਕਿ ਇਥੋਂ ਹੀ ਸੱਚ ਦੀ ਸਰਕਾਰ ਦਾ ਮੁੱਢ ਬੱਝਣਾ ਹੈ।
ਯੂਨਾਈਟਡ ਅਕਾਲੀ ਦਲ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਪੰਥਕ ਸਰਕਾਰ ਸਥਾਪਿਤ ਕਰਨ ਲਈ ਕਮਰਕੱਸੇ ਕਰਨ ਦਾ ਹੋਕਾ ਦਿੱਤਾ। ਉਨ੍ਹਾਂ ਸੱਦਾ ਦਿੱਤਾ ਕਿ ਸਮੁੱਚੀ ਕੌਮ, ਕੌਮੀ ਜਥੇਦਾਰਾਂ ਦੁਆਰਾ ਸ਼ੁਰੂ ਕੀਤੇ ‘ਨਸ਼ੇ ਭਜਾਓ ਪੰਥ ਬਚਾਓ ਪੰਜਾਬ ਬਚਾਓ’ ਮਾਰਚ ਨੂੰ ਸਫਲਾ ਕਰਨ ਲਈ ਘਰ-ਘਰ ਪਿੰਡ-ਪਿੰਡ ਹੋਕਾ ਦੇਣ। ਇਸ ਮੌਕੇ ਭਾਈ ਵੱਸਣ ਸਿੰਘ ਜ਼ੱਫਰਵਾਲ, ਸਤਨਾਮ ਸਿੰਘ ਮਨਾਵਾ, ਸਿਕੰਦਰ ਸਿੰਘ ਵਰਾਣਾ, ਪਰਵਿੰਦਰ ਪਾਲ ਸਿੰਘ ਸ਼ੁਕਰ ਚੱਕੀਆ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਪ੍ਰਦੀਪ ਸਿੰਘ, ਭਾਈ ਪਪਲਪ੍ਰੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਰੈਲੀ ਵਿੱਚ ਕਰਮ ਸਿੰਘ ਭੋਈਂਆਂ, ਗੁਰਿੰਦਰ ਸਿੰਘ ਜੌਲੀ, ਅਮਰੀਕ ਸਿੰਘ ਨੰਗਲ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਸਤਨਾਮ ਸਿੰਘ ਕੋਟਖਾਲਸਾ, ਬੀਬੀ ਕੁਲਵੰਤ ਕੌਰ, ਜਸਬੀਰ ਸਿੰਘ ਮੰਡਿਆਲਾ, ਸ਼ਿੰਗਾਰਾ ਸਿੰਘ ਫਤਿਹਗੜ੍ਹ ਸਾਹਿਬ, ਦਰਸ਼ਨ ਸਿੰਘ ਬਟਾਲਾ, ਸੂਬੇਦਾਰ ਮੇਜਰ ਸਿੰਘ, ਬਲਦੇਵ ਸਿੰਘ ਦਿਆਲਪੁਰੀ, ਨਵਦੀਪ ਸਿੰਘ, ਗੁਰਸ਼ਰਨ ਸਿੰਘ ਸੋਹਲ, ਪਵਨਦੀਪ ਸਿੰਘ, ਗੁਰਜੰਟ ਸਿੰਘ ਕੱਟੂ, ਬਲਜਿੰਦਰ ਸਿੰਘ ਢਿਲੋਂ, ਹਰਵੰਤ ਸਿੰਘ ਨੰਗਲ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।