ਮੈਲਬਰਨ, ਆਸਟ੍ਰੇਲੀਆ (25 ਨਵੰਬਰ, 2011): ਅਖੰਡ ਕੀਰਤਨੀ ਜਥੇ ਦੇ ਆਗੂ ਰਤਿੰਦਰ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਕੈਬਨਿਟ ਮੰਤਰੀ ਸ਼ਰਦ ਪਵਾਰ ’ਤੇ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਪੂਨਾ ਅਤੇ ਪਾਤਰਾ ਖੇਤਰਾਂ ਵਿੱਚ ਸਿੱਖਾਂ ਦੀਆਂ ਦੁਕਾਨਾਂ ਦੀ ਭੰਨਤੋੜ ਕੀਤੀ ਗਈ। ਸਰਕਾਰ ਨੇ ਤੁਰੰਤ ਦਫ਼ਾ 144 ਲਗਾ ਦਿੱਤੀ ਹੈ ਅਤੇ ਨਾਲ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮ ਰੱਦ ਕਰ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਉਹ ਪੂਨਾ ਵਿੱਚ ਸ਼ਹੀਦੀ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਲਈ 150 ਸਿੱਖਾਂ ਦੇ ਜੱਥੇ ਸਮੇਤ ਉੱਥੇ ਗਏ ਹੋਏ ਹਨ। ਹੁਣ ਭਲਕੇ ਜਥੇ ਦੀ ਵਾਪਸੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਤੇ ਦਿੱਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੋਂ ਮੰਗ ਕੀਤੀ ਹੈ ਕਿ ਜਥੇ ਦੀ ਸਲਾਮਤੀ ਲਈ ਮਹਾਰਾਸ਼ਟਰ ਤੱਕ ਪਹੁੰਚ ਕੀਤੀ ਜਾਵੇ ਅਤੇ ਹੋਰ ਥਾਵਾਂ ’ਤੇ ਵੀ ਸਿੱਖਾਂ ਦੇ ਜਾਨ ਮਾਲ ਦੀ ਰੱਖਿਆ ਲਈ ਪ੍ਰਬੰਧ ਕੀਤੇ ਜਾਣ।