ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਵਿੱਤੀ ਸੰਕਟ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਡ-ਡੇ-ਮੀਲ ਯੋਜਨਾ ਦੇ ਠੱਪ ਹੋਣ ਦਾ ਨੋਟਿਸ ਲੈਂਦੇ ਹੋਏ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਸ਼ਰਮ ਦੀ ਗੱਲ ਕਹੀ ਹੈ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਪਾਰਟੀ ਦੇ ਮੀਤ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਵਿਅੰਗ ਕਰਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਸ਼ਾਹੀ ਸ਼ੌਂਕ ਪੂਰੇ ਕਰਨ ਲਈ ਪੋਲੋ ਮੈਚ ਉੱਤੇ ਤਾਂ 50 ਲੱਖ ਰੁਪਏ ਖ਼ਰਚ ਕਰ ਸਕਦੀ ਹੈ, ਪਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ (ਮਿਡ-ਡੇ-ਮੀਲ) ਉਪਲਬਧ ਨਹੀਂ ਕਰਵਾ ਸਕਦੀ।
ਅਮਨ ਅਰੋੜਾ ਨੇ ਕਿਹਾ ਕਿ ਮਿਡ-ਡੇ-ਮੀਲ ਯੋਜਨਾ ਲਈ ਪੰਜਾਬ ਸਰਕਾਰ ਉੱਤੇ ਕੇਵਲ 40 ਫ਼ੀਸਦੀ ਫ਼ੰਡ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਹੈ, ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਪਰ ਸਰਕਾਰ ਦੇ ਵਿੱਤੀ ਮਾੜੇ ਪ੍ਰਬੰਧਾਂ ਕਾਰਨ ਸੂਬਾ ਸਰਕਾਰ ਨੇ ਮਿਡ-ਡੇ-ਮੀਲ ਲਈ ਆਪਣੇ ਹਿੱਸੇ ਦਾ ਫ਼ੰਡ ਨਹੀਂ ਦਿੱਤਾ, ਜਿਸਦੇ ਨਤੀਜੇ ਵਜੋਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ 75 ਕਰੋੜ ਰੁਪਏ ਜਾਰੀ ਨਹੀਂ ਹੋ ਸਕੇ। ਜਿਸਦੇ ਕਾਰਨ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ 20 ਲੱਖ ਤੋਂ ਜ਼ਿਆਦਾ ਸਕੂਲੀ ਵਿਦਿਆਰਥੀ ਸਕੂਲ ਵਿੱਚ ਮਿਲਣ ਵਾਲੇ ਦੁਪਹਿਰ ਦੇ ਖਾਣੇ ਤੋਂ ਵਾਂਝੇ ਹੋ ਗਏ।
ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਗ਼ਰੀਬ ਅਤੇ ਦਲਿਤ ਵਿਰੋਧੀ ਸਰਕਾਰ ਕਰਾਰ ਦਿੰਦਿਆਂ ਦਲੀਲ ਦਿੱਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਗ਼ਰੀਬ ਅਤੇ ਦਲਿਤ ਵਰਗ ਨਾਲ ਸਬੰਧਿਤ ਬੱਚੇ ਹੀ ਪੜ੍ਹਦੇ ਹਨ, ਪਰ ਸਰਕਾਰ ਨੂੰ ਪਿਛਲੇ ਦੋ ਮਹੀਨਿਆਂ ਤੋਂ ਭੁੱਖੇ ਢਿੱਡ ਵਾਪਸ ਜਾਂਦੇ ਬੱਚੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਅਮਨ ਅਰੋੜਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਮਿਡ-ਡੇ-ਮੀਲ ਯੋਜਨਾ ਲਈ ਜ਼ਰੂਰੀ ਫ਼ੰਡ ਦਾ ਤੁਰੰਤ ਪ੍ਰਬੰਧ ਕਰੇ।