ਲਾਹੌਰ: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਸਾਲ 2003 ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਰਧਾ ਨਾਲ ਮਨਾਇਆ ਗਿਆ। ਗੁ: ਡੇਹਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਕੀਤੀ ਗਈ, ਉਪਰੰਤ ਵੱਖ-ਵੱਖ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਗੁਰਦੁਆਰਾ ਡੇਹਰਾ ਸਾਹਿਬ ਦੀ ਗਰਾਊਂਡ ਵਿਖੇ ਹੋਏ ਸਮਾਗਮ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਤਾਰਾ ਸਿੰਘ ਨੇ ਸੰਬੋਧਨ ਕਰਦਿਆਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਪਾਕਿਸਤਾਨ ਪੰਜਾਬ ਦੇ ਇਕਲੌਤੇ ਸਿੱਖ ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਰਕਾਰ ‘ਚ ਪਾਕਿਸਤਾਨੀ ਸਿੱਖ ਸੁਰੱਖਿਅਤ ਹਨ ਅਤੇ ਸਰਕਾਰ ਵੱਲੋਂ ਹਰ ਖੇਤਰ ‘ਚ ਸਿੱਖਾਂ ਨੂੰ ਨੁਮਾਇੰਦਗੀ ਦੇ ਕੇ ਮਾਣ ਸਤਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਲਾਹੌਰ ਵਿਖੇ ਯਾਦਗਾਰ ਦੀ ਉਸਾਰੀ ਦਾ ਨੀਂਹ-ਪੱਥਰ ਰੱਖਿਆ ਜਾਵੇਗਾ।
ਇਸ ਮੌਕੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਸਦੀਕ ਉਲ ਫ਼ਾਰੂਕ ਨੇ ਕਿਹਾ ਕਿ ਪਾਕਿਸਤਾਨ ਓਕਾਫ ਬੋਰਡ ਅਤੇ ਪਾਕਿ ਸਰਕਾਰ ਗੁਰਧਾਮਾਂ ਦੀ ਸੇਵਾ ‘ਚ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਗੁਰਧਾਮਾਂ ‘ਤੇ ਨਾਜ਼ਾਇਜ਼ ਕਬਜ਼ਾਕਾਰਾਂ ਨੂੰ ਭਜਾਉਣਾ ਉਨ੍ਹਾਂ ਦਾ ਇਨਸਾਨੀ ਫਰਜ਼ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵੰਬਰ 2016 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਪਾਕਿਸਤਾਨ ਸਰਕਾਰ ਵੱਲੋਂ ‘ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਯੂਨੀਵਰਸਿਟੀ’ ਦਾ ਨੀਂਹ-ਪੱਥਰ ਰੱਖਿਆ ਜਾਵੇਗਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਹੱਲ ਲਈ ਦੁਨੀਆ ਭਰ ਦੇ ਸਿੱਖ ਵਿਦਵਾਨਾਂ ਦਾ ਸੰਮੇਲਨ ਵੀ ਨਵੰਬਰ 2016 ‘ਚ ਪਾਕਿਸਤਾਨ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ਕੈਨੇਡੀਅਨ ਸਿੱਖ ਸੰਗਤ ਨੂੰ ਅੰਗੀਠਾ ਸਾਹਿਬ ਤਿਆਰ ਕਰਨ ਦੀ ਸੇਵਾ ਸੌਾਪੀ ਗਈ ਹੈ।
ਇਸ ਮੌਕੇ ਗੋਪਾਲ ਸਿੰਘ ਚਾਵਲਾ ਨੇ ਭਾਰਤ ਸਰਕਾਰ ਨੂੰ ਸਿੱਖ ਵਿਰੋਧੀ ਸਰਕਾਰ ਦੱਸਦਿਆਂ ਕਿਹਾ ਕਿ ਸਰਕਾਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਆਉਣ ਵਾਲੇ ਸਿੱਖ ਜਥੇ ਨੂੰ ਭਾਰੀ ਖੱਜਲ-ਖੁਆਰੀ ਦੇ ਕੇ ਇਹ ਕਰ ਵਿਖਾਇਆ ਕਿ ਉਹ ਸਿੱਖਾਂ ਦੀ ਵਿਰੋਧੀ ਜਮਾਤ ਹੈ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਤਾਰਾ ਸਿੰਘ ਵੱਲੋਂ ਚੇਅਰਮੈਨ ਸਦੀਕ ਉਲ ਫਾਰੂਕ ਸਮੇਤ ਪਾਕਿਸਤਾਨ ਜਥੇ ਲੈ ਕੇ ਪੁੱਜੇ ਲੀਡਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਹਿਬ ਸਿੰਘ, ਮਨਿੰਦਰ ਸਿੰਘ ਨਨਕਾਣਾ ਸਾਹਿਬ, ਗੋਪਾਲ ਸਿੰਘ ਚਾਵਲਾ, ਪਾਕਿਸਤਾਨ ਓਕਾਫ਼ ਬੋਰਡ ਦੇ ਐਡੀਸ਼ਨ ਸਕੱਤਰ ਇਮਰਾਨ ਖਾਂਨ, ਖਾਲਿਦ ਅਲੀ, ਸੰਤਾ ਸਿੰਘ ਭਾਈ ਮਰਦਾਨਾ ਯਾਦਗਾਰੀ ਸੋਸਾਇਟੀ ਫਿਰੋਜ਼ਪੁਰ, ਹਰਦੇਵ ਸਿੰਘ ਰਾਜਸਥਾਨ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਸਬੀਰ ਸਿੰਘ ਦੇਹਰਾਦੂਨ ਹਾਜ਼ਰ ਸਨ।