ਪੱਟੀ, ਤਰਨ ਤਾਰਨ: ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਕਾਲੀਆਂ ਸਕੱਤਰਾ ਵਿਖੇ ਅੱਜ 1980-90ਵਿਆਂ ਦੀ ਖਾੜਕੂ ਲਹਿਰ ਦੌਰਾਨ ਗੁਰੂ ਖਾਲਸਾ ਪੰਥ ਦੀ ਅਜ਼ਮਤ ਤੇ ਸਰਬੱਤ ਦੇ ਭਲੇ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਨਮਿਤ ਸਲਾਨਾ ਸ਼ਹੀਦੀ ਸਮਾਗਮ ਮਨਾਇਆ ਗਿਆ। ਇਹ ਸਮਾਗਮ ਸ਼ਹੀਦਾਂ ਦੇ ਪਰਿਵਾਰਾਂ ਅਤੇ ਇਲਾਕੇ ਦੀ ਗੁਰ-ਸੰਗਤ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ।
ਗੁਰਦੁਆਰਾ ਗੁਰੂ ਅਮਰਦਾਸ ਜੀ ਵਿਖੇ ਇਹ ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਕਵੀਸ਼ਰ ਸਿੰਘਾਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ।
ਜ਼ਿਕਰਯੋਗ ਹੈ ਕਿ ਪਿੰਡ ਕਾਲੀਆਂ ਸਕੱਤਰਾ ਪੱਟੀ ਤਹਿਸੀਲ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਰਹੱਦ ਨੇੜੇ ਸਥਿਤ ਹੈ ਤੇ ਇਹ ਪਿੰਡ ਗੁਰੂ ਅਮਰਦਾਸ ਜੀ ਦਾ ਸਹੁਰਾ ਪਿੰਡ ਹੈ।
ਇਹ ਪਿੰਡ ਦੇ ਸ਼ਹੀਦ ਭਾਈ ਅਨਾਰ ਸਿੰਘ ਪਾੜਾ, ਸ਼ਹੀਦ ਭਾਈ ਪਿੱਪਲ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਗੁਰਮੁਖ ਸਿੰਘ, ਸ਼ਹੀਦ ਭਾਈ ਰਾਜਵਿੰਦਰ ਸਿੰਘ, ਸ਼ਹੀਦ ਭਾਈ ਵਿਰਸਾ ਸਿੰਘ, ਸ਼ਹੀਦ ਭਾਈ ਸ਼ਿੰਦਰ ਸਿੰਘ, ਸ਼ਹੀਦ ਭਾਈ ਗੁਰਮੁੱਖ ਸਿੰਘ ਦੁਸੰਧਾ, ਸ਼ਹੀਦ ਭਾਈ ਸਾਹਿਬ ਸਿੰਘ, ਸ਼ਹੀਦ ਭਾਈ ਸਲਵਿੰਦਰ ਸਿੰਘ, ਸ਼ਹੀਦ ਭਾਈ ਸਵਰਨ ਸਿੰਘ, ਸ਼ਹੀਦ ਭਾਈ ਸਰਦੂਲ ਸਿੰਘ, ਸ਼ਹੀਦ ਭਾਈ ਸਤਨਾਮ ਸਿੰਘ, ਸ਼ਹੀਦ ਭਾਈ ਜਰਨੈਲ ਸਿੰਘ ਸਕੱਤਰਾ ਅਤੇ ਸ਼ਹੀਦ ਭਾਈ ਅਕਬਰ ਸਿੰਘ ਕਾਲੀਆਂ ਨੇ ਸੰਘਰਸ਼ ਦੌਰਾਨ ਸ਼ਹੀਦੀ ਰੁਤਬੇ ਹਾਸਿਲ ਕੀਤੇ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਖਾੜਕੂ ਸੰਘਰਸ਼ ਦੇ ਜੁਝਾਰੂ ਜਰਨੈਲ ਅਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਤੇ ਸ਼ਹੀਦ ਦੀ ਇਸ ਧਰਤੀ ਨੂੰ ਪ੍ਰਣਾਮ ਕਰਦੇ ਹਨ। ਉਹਨਾ ਕਿਹਾ ਕਿ ਮਾਝੇ ਦਾ ਇਹ ਇਲਾਕਾ ਪੁਰਾਤਨ ਸਮਿਆਂ ਤੋਂ ਹੀ ਯੋਧੇ-ਜਰਨੈਲਾਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਰਿਹਾ ਹੈ। ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਪਿੰਡ ਕਾਲੀਆਂ ਸਕੱਤਰਾ ਦੇ ਸ਼ਹੀਦ ਹੋਏ ਜੁਝਾਰੂਆਂ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਉਹ ਆਪਣੇ ਵੱਡੇ ਭਾਗ ਸਮਝਦੇ ਹਨ ਕਿ ਉਹਨਾ ਨੇ ਇਹਨਾ ਸ਼ਹੀਦਾਂ ਦਾ ਸਾਥ ਮਾਣਿਆ।
ਸ਼ਹੀਦ ਭਾਈ ਅਨਾਰ ਸਿੰਘ ਪਾੜਾ ਤੇ ਉਹਨਾ ਦੇ ਸਾਥੀਆਂ ਦੀ ਸੂਰਬੀਰਤਾ ਦੀ ਸਾਖੀ ਸਾਂਝੀ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਲਹਿਰ ਦੌਰਾਨ ਇਕ ਵਾਰ ਦਿੱਲੀ ਦੀ ਹਕੂਮਤ ਵੱਲੋਂ ਜੰਗ ਦੀ ਉੱਚ ਸਿਖਲਾਈ ਵਾਲੇ ਐਨ.ਐਸ.ਜੀ. ਕਮਾਂਡੋ ਇਸ ਇਲਾਕੇ ਵਿਚ ਤਾਇਨਾਤ ਕੀਤੇ ਗਏ ਸਨ ਜਿਹਨਾ ਘਾਤ ਲਗਾ ਕੇ ਖਾੜਕੂ ਸਿੰਘਾਂ ਨੂੰ ਖਤਮ ਕਰਨਾ ਸੀ। ਪਰ ਇਹਨਾ ਕਮਾਂਡੋਆਂ ਦੀ ਤਾਇਨਾਤੀ ਦੇ ਦੂਜੇ ਇਨ ਹੀ ਅਚਾਨਕ ਇਹਨਾ ਦਾ ਸਾਹਮਣਾ ਭਾਈ ਅਨਾਰ ਸਿੰਘ ਪਾੜਾ ਤੇ ਸਾਥੀਆਂ ਦੇ ਜਥੇ ਨਾਲ ਹੋ ਗਿਆ। ਇੱਕ ਪਾਸੇ ਜੰਗ ਦੀ ਉੱਚ ਸਿਖਲਾਈ ਵਾਲੇ ਇੰਡੀਆ ਦੇ ਸਭ ਤੋਂ ਵੱਡੇ ‘ਕਮਾਂਡੋ’ ਸਨ ਤੇ ਦੂਜੇ ਪਾਸੇ ਬਿਨਾ ਕਿਸੇ ਰਸਮੀ ਸਿਖਲਾਈ ਦੇ ਗੁਰੂ ਓਟ ਤੇ ਇਤਿਹਾਸ ਦੀ ਪ੍ਰੇਰਣਾ ਦੇ ਸਿਰ ਉੱਤੇ ਲੜਨ ਵਾਲੇ ਸਿੰਘ ਸਨ। ਇਸ ਅਚਾਨਕ ਹੋਏ ਮੁਕਾਬਲੇ ਵਿਚ ਸਿੰਘਾਂ ਨੇ ਐਸਾ ਹੱਲਾ ਕੀਤਾ ਕਿ ਪਹਿਲੇ ਝਟਕੇ ਹੀ ਕਈ ਕਮਾਂਡੋ ਮਾਰੇ ਗਏ ਤੇ ਕਈ ਹੋਰ ਜਖਮੀ ਹੋ ਗਏ ਤੇ ਇਸ ਘਾਤ ਵਿਚੋਂ ਬਿਨਾ ਕਿਸੇ ਨੁਕਸਾਨ ਦੇ ਨਿੱਕਲ ਗਏ। ਉਹਨਾ ਕਿਹਾ ਕਿ ਘਟਨਾ ਦਾ ਐਸਾ ਅਸਰ ਹੋਇਆ ਕਿ ਸਰਕਾਰ ਨੇ ਕਮਾਂਡੋ ਵਰਤਣ ਵਾਲੀ ਸਾਰੀ ਵਿਓਂਤ ਰੱਦ ਕਰਕੇ ਉਹਨਾ ਨੂੰ ਵਾਪਸ ਬੁਲਾ ਲਿਆ।
ਇਸ ਮੌਕੇ ਭਾਈ ਸਤਨਾਮ ਸਿੰਘ ਮਨਾਵਾਂ ਨੇ ਵੀ ਸ਼ਹੀਦਾਂ ਨੂੰ ਸਤਿਕਾਰ ਭੇਂਟ ਕੀਤਾ ਅਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿਚ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।