ਖਾਸ ਖਬਰਾਂ

ਸ਼ਹੀਦਾਂ ਦੀ ਯਾਦ ‘ਚ ਪਿੰਡ ਆਲੋਅਰਖ ਵਿਖੇ ਸਮਾਗਮ ਦੌਰਾਨ ਸ਼ਹੀਦ ਪਰਿਵਾਰਾਂ ਦਾ ਸਨਮਾਨ

By ਸਿੱਖ ਸਿਆਸਤ ਬਿਊਰੋ

August 30, 2024

ਸੰਗਰੂਰ (29 ਅਗਸਤ, 2024): ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਖਾੜਕੂ ਸੰਘਰਸ਼ ਦੌਰਾਨ ਪਿੰਡ ਆਲੋਅਰਖ (ਸੰਗਰੂਰ) ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪਿਆਰਾ ਸਿੰਘ, ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਦੀ ਯਾਦ ਵਿੱਚ ਇਲਾਕੇ ਦੀ ਸੰਗਤ ਵੱਲੋਂ ਸਮਾਗਮ ਕਰਵਾਇਆ ਗਿਆ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਹਾਜ਼ਰੀ ਭਰੀ ਅਤੇ ਇਲਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬੋਲਦਿਆਂ ਬੁਲਾਰਿਆਂ ਨੇ ਸਾਂਝੇ ਰੂਪ ਵਿਚ ਇਹ ਗੱਲ ਉਭਾਰੀ ਕਿ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਪਿੰਡ ਸਮਾਗਮ ਹੋਣੇ ਚਾਹੀਦੇ ਹਨ। ਸ਼ਹੀਦੀ ਦਾ ਰੁਤਬਾ ਬਹੁਤ ਵੱਡਾ ਹੁੰਦਾ ਹੈ, ਇਸਨੂੰ ਵਾਧੇ ਘਾਟੇ ਦੇ ਪੱਖ ਤੋਂ ਨਹੀਂ ਵੇਖਣਾ ਚਾਹੀਦਾ। ਖਾਲਸਾਈ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਵਾਲੇ ਪਾਸੇ ਪੈਣਾ ਚਾਹੀਦਾ ਹੈ।

ਇਸ ਦੌਰਾਨ ਸਟੇਜ ਸੰਭਾਲਣ ਦੀ ਜਿੰਮੇਵਾਰੀ ਡਾ: ਅਮਨਪ੍ਰੀਤ ਸਿੰਘ ਨੇ ਨਿਭਾਈ। ਬੁਲਾਰਿਆਂ ਵਿਚੋਂ ਭਾਈ ਦਲਜੀਤ ਸਿੰਘ, ਵਕੀਲ ਜਗਮੀਤ ਸਿੰਘ ਸੰਗਰੂਰ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਕਰਮਜੀਤ ਸਿੰਘ ਸੁਨਾਮ, ਭਾਈ ਸੁਖਬੀਰ ਸਿੰਘ ਸੁਖੀ, ਭਾਈ ਰਾਜਿੰਦਰ ਸਿੰਘ ਛੰਨਾ, ਭਾਈ ਬਲਵੀਰ ਸਿੰਘ ਸਾਗਰ, ਸ: ਮੇਜਰ ਸਿੰਘ ਮੱਟਰਾਂ, ਜਥੇ: ਗੁਰਦੀਪ ਸਿੰਘ ਕਾਲਝਾੜ, ਭਾਈ ਛੱਜੂ ਸਿੰਘ ਮਾਝੀ, ਭਾਈ ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ), ਜਥੇ: ਗੁਰਨੈਬ ਸਿੰਘ ਰਾਮਪੁਰਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਨੇ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਅਤੇ ਜਥੇ: ਗੁਰਦਿੱਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: