ਅੰਮ੍ਰਿਤਸਰ: ਭਾਰਤੀ ਫੌਜ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ 890 ਦੇ ਕਰੀਬ ਸਿੱਖਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਗਲਿਆਰੇ ਅੰਦਰ ਬਣੀ ਜੂਨ 1984 ਦੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ ਦੀ ਹੇਠਲੀ ਮੰਜ਼ਿਲ ਵਿਚ ਬਣ ਰਹੀ “ਸ਼ਹੀਦੀ ਗੈਲਰੀ” ਵਿਚ ਲਗਾਈਆਂ ਜਾਣਗੀਆਂ।
ਜੂਨ 1984 ‘ਚ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਤੋਂ ਬਾਅਦ ਦੀ ਤਸਵੀਰ
ਦਮਦਮੀ ਟਕਸਾਲ ਦੀ ਮੰਗ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦੀ ਗੈਲਰੀ ਬਣਾਉਣ ਦਾ ਫੈਂਸਲਾ ਕੀਤਾ ਹੈ। ਇਸ ਗੈਲਰੀ ਵਿਚ ਭਾਰਤੀ ਫੌਜ ਦੇ ਹਮਲੇ ਖਿਲਾਫ ਸਿੱਖ ਸਵੈਮਾਣ ਦੀ ਰਾਖੀ ਅਤੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਕਾਇਮ ਰੱਖਣ ਲਈ ਲੜੇ ਗਏ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਭਾਈ ਸ਼ਭੇਗ ਸਿੰਘ ਸਮੇਤ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਭਾਰਤੀ ਹਮਲੇ ਸਬੰਧੀ ਦਸਤਾਵੇਜ ਅਤੇ ਇਤਿਹਾਸਕ ਜਾਣਕਾਰੀ ਰੱਖੀ ਜਾਵੇਗੀ।
ਦਮਦਮੀ ਟਕਸਾਲ ਦੇ ਬੁਲਾਰੇ ਸਰਚੰਦ ਸਿੰਘ ਨੇ ਦੱਸਿਆ ਕਿ ਸ਼ਹੀਦੀ ਗੈਲਰੀ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਮਲੇ ਵਿਚ ਮਾਰੇ ਗਏ ਸਿੱਖਾਂ ਸਬੰਧੀ ਤਿੰਨ ਸੂਚੀਆਂ ਬਣੀਆਂ ਹਨ ਜੋ ਦਲ ਖ਼ਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਰਤਾਨੀਆ ਦੀ ਇਕ ਸਿੱਖ ਜਥੇਬੰਦੀ ਵਲੋਂ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਵਲੋਂ ਛਾਪੀ ਗਈ ਸ਼ਹੀਦੀ ਡਾਇਰੈਕਟਰੀ ਵਿਚ 229 ਨਾਮ ਸ਼ਾਮਿਲ ਹਨ, ਸ਼੍ਰੋਮਣੀ ਕਮੇਟੀ ਦੀ ਸੂਚੀ ਵਿਚ 741 ਨਾਮ ਸ਼ਾਮਿਲ ਹਨ ਜਦਕਿ ਬਰਤਾਨੀਆ ਦੀ ਸਿੱਖ ਜਥੇਬੰਦੀ ਵਲੋਂ ਤਿਆਰ ਕੀਤੀ ਸੂਚੀ ਵਿਚ 803 ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਸੂਚੀਆਂ ਨੂੰ ਘੋਖ ਕੇ 890 ਨਾਵਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ ਜਿਹਨਾਂ ਸ਼ਹੀਦਾਂ ਦੀਆਂ ਤਸਵੀਰਾਂ “ਸ਼ਹੀਦੀ ਗੈਲਰੀ” ਵਿਚ ਲਾਈਆਂ ਜਾਣਗੀਆਂ।
