ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜੂਨ 2015 ਵਿੱਚ ਜੰਮੂ ਵਿਖੇ ਜੂਨ 84 ਦੇ ਘੱਲੂਘਾਰੇ ਨੂੰ ਮਨਾਉਣ ਲਈ ਲਾਏ ਗਏ ਫਲੈਕਾਂ ਨੂੰ ਪਾੜੇ ਜਾਣ ਦਾ ਵਿਰੋਧ ਕਰਦਿਆਂ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਜੰਮੂ ਦੀ ਤਸਵੀਰ ਅੱਜ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਗਈ। ਇਸ ਮੌਕੇ ਗਿਆਨੀ ਗੁਰਬਚਨ ਸਿੰਘ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਭਾਈ ਰਾਮ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਤੋਂ ਇਲਾਵਾ ਭਾਈ ਜਸਜੀਤ ਸਿੰਘ ਜੰਮੂ ਦੇ ਪਿਤਾ ਸ. ਨਰਵੀਰ ਸਿੰਘ, ਮਾਤਾ ਰਾਜ ਕੌਰ ਤੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਜੰਮੂ ਦੇ ਪ੍ਰਧਾਨ ਭਾਈ ਅਜਮੀਤ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਸਿਮਰਨਜੀਤ ਸਿੰਘ ਸਮੇਤ ਜੰਮੂ ਤੋਂ ਫੈਡਰਸ਼ਨ ਵਰਕਰ ਹਾਜ਼ਰ ਸਨ।
ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਬੈਂਕਾ ਦੇ ਜਥੇ ਵੱਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ। ਇਸ ਮੌਕੇ ਸ਼ਹੀਦ ਭਾਈ ਜਸਜੀਤ ਸਿੰਘ ਦੇ ਮਾਤਾ-ਪਿਤਾ ਅਤੇ ਜੰਮੂ ਤੋਂ ਆਏ ਪੰਥਕ ਆਗੂਆਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤੇ ਗਏ।
ਸ਼ਹੀਦ ਦੇ ਮਾਤਾ-ਪਿਤਾ ਜਿੰਨਾ ਸਮਾਂ ਵੀ ਅਜਾਇਬ ਘਰ ‘ਚ ਰਹੇ ਜਸਜੀਤ ਸਿੰਘ ਦੀ ਤਸਵੀਰ ਨੂੰ ਹੀ ਨਿਹਾਰਦੇ ਰਹੇ। ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਹੱਥ ਜੋੜ ਕੇ ਖਿਮਾ ਚਾਹੀ। ਇਸ ਮੌਕੇ ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਦਿਲਜੀਤ ਸਿੰਘ ਬੇਦੀ, ਸੁਖਦੇਵ ਸਿੰਘ ਭੂਰਾਕੋਹਨਾ ਤੇ ਰਣਜੀਤ ਸਿੰਘ ਵਧੀਕ ਸਕੱਤਰ, ਸੁਲੱਖਣ ਸਿੰਘ ਮੈਨੇਜਰ ਦਰਬਾਰ ਸਾਹਿਬ, ਸਕੱਤਰ ਸਿੰਘ, ਜਗਜੀਤ ਸਿੰਘ ਜੱਗੀ ਤੇ ਹਰਿੰਦਰਪਾਲ ਸਿੰਘ ਮੀਤ ਸਕੱਤਰ, ਬਘੇਲ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਬੱਦੋਵਾਲ ਤੇ ਲਖਬੀਰ ਸਿੰਘ ਵਧੀਕ ਮੈਨੇਜਰ, ਕੇਂਦਰੀ ਸਿੱਖ ਅਜਾਇਬਘਰ ਦੇ ਕਿਊਰੇਟਰ ਤੇ ਵਧੀਕ ਮੈਨੇਜਰ ਇਕਬਾਲ ਸਿੰਘ ਅਤੇ ਗੁਰਿੰਦਰਪਾਲ ਸਿੰਘ ਚਿੱਤਰਕਾਰ ਆਦਿ ਮੌਜੂਦ ਸਨ।