ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਦੋ ਦਹਾਕਿਆਂ ਤੋਂ ਬਾਦਲਾਂ ਦੇ ਪ੍ਰਭਾਵ ਅਧੀਨ ਆ ਚੁੱਕੀ, ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਦਿਨ ਸਿੱਖ ਸਿਧਾਂਤਾਂ ਨੂੰ ਅੱਖੋ-ਪਰੋਖਿਆਂ ਕਰਕੇ ਮਨ ਆਈਆਂ ਕੀਤੀਆਂ ਜਾਂਦੀਆਂ ਹਨ, ਬੀਤੇ ਕੱਲ੍ਹ ਅਜਿਹੀ ਹੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਵਿਖੇ ਬਾਦਲਾਂ ਵਲੋਂ ਹੀ ਕਈਂ ਸਾਲਾਂ ਤੋਂ ਅਖੰਡ ਪਾਠ ਕਰਵਾਏ ਜਾ ਰਹੇ ਹਨ, ਸ਼੍ਰੋਮਣੀ ਕਮੇਟੀ ਵਲੋਂ ਆਮ ਸੰਗਤਾਂ ਦੀ ਭਾਵਨਾਵਾਂ ਨੂੰ ਸਮਝੇ ਬਗੈਰ ਹੋਰ ਕਿਸੇ ਨੂੰ ਅਖੰਡ ਪਾਠ ਸਾਹਿਬ ਨਹੀਂ ਰੱਖਣ ਦਿੱਤੇ ਜਾ ਰਹੇ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਨੂੰ ਚਿੱਠੀ ਲਿਖ ਕੇ ਇਹ ਸ਼ਿਕਾਇਤ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਸ਼ਹੀਦ ਭਾਈ ਗੁਰਬਖਸ਼ ਸਿੰਘ ਜੀ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਜੀ ਵਿਖੇ ਬਾਦਲ ਪਰਿਵਾਰ ਵਲੋਂ 2012 ਤੋਂ ਨਿਰੰਤਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ ਆਮ ਸੰਗਤ ਇਥੇ ਸ੍ਰੀ ਅਖੰਡ ਪਾਠ ਸਾਹਿਬ ਨਹੀਂ ਰੱਖ ਸਕਦੀ।
ਜਥੇਬੰਦੀ ਦਾ ਕਹਿਣੈ ਕਿ ਉਹਨਾਂ ਸੰਬੰਧਤ ਅਮਲੇ ਤੋਂ ਇਹ ਜਾਣਕਾਰੀ ਹਾਸਲ ਕੀਤੀ ਹੈ ਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ 2022 ਤੱਕ ਬਾਦਲ ਪਰਿਵਾਰ ਵਲੋਂ ਅਖੰਡ ਪਾਠ ਰੱਖੇ ਗਏ ਹਨ।
ਸੇਵਾ ‘ਤੇ ਤੈਨਾਤ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਮਲੇ ਨੇ ਉਨ੍ਹਾਂ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਵੱਡੇ ਅਹੁਦਿਆਂ ਵਾਲੇ ਅਫਸਰਾਂ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਆਮ ਸਿੱਖ ਸੰਗਤਾਂ ਦੇ ਅਖੰਡ ਪਾਠ ਸਾਹਿਬ ਰੱਖਣ ਤੋਂ ਮਨ੍ਹਾ ਕੀਤਾ ਹੋਇਆ ਹੈ।
ਜਥੇਬੰਦੀ ਦਾ ਕਹਿਣੈ ਕਿ ਉਹਨਾਂ ਕੋਲ ਇਸਦਾ ਅਵਾਜ ਰੂਪੀ(ਆਡੀੳ ਰਿਕਾਰਡਿੰਗ) ਸਬੂਤ ਵੀ ਹੈ।