ਫਰੈਂਕਫਰਟ,ਜਰਮਨੀ (1 ਸਤੰਬਰ, 2015): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਵੱਲੋਂ ਆਰੰਭੇ ਸੰਘਰਸ਼ ਦੌਰਾਨ ਸਿੱਖ ਕੌਮ ਦੀਆਂ ਮਾਣ ਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਇੱਥੇ ਮਨਇਆ ਗਿਆ।
ਆਪਣੀ ਜਾਨ ਨਿਛਾਵਰ ਕਰਕੇ ਪੰਜਾਬ ‘ਚ ਸਰਕਾਰੀ ਅੱਤਵਾਦ ਦੀਆਂ ਜੜ੍ਹਾਂ ਪੁੱਟਣ ਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ 20ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਪੰਥ ਦਰਦੀ ਭਾਈ ਹਰਜੋਤ ਸਿੰਘ, ਸਮੁਚੀ ਸੰਗਤ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕੀਤਾ ਗਿਆ।
ਇਸ ਮੌਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਭਾਈ ਅਮਰੀਕ ਸਿੰਘ ਕਠਿਆਲੀ ਤੇ ਭਾਈ ਸੰਦੀਪ ਸਿੰਘ ਖਾਲੜਾ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਕੀਤਾ। ਭਾਈ ਹੀਰਾ ਸਿੰਘ ਮੱਤੇਵਾਲ ਤੇ ਭਾਈ ਹਰਜੋਤ ਸਿੰਘ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੰਥਕ ਜਥੇਬੰਦੀਆਂ ਵੱਲੋਂ ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਮੀਤ ਪ੍ਰਧਾਨਂ ਭਾਈ ਗੁਰਦਿਆਲ ਸਿੰਘ ਲਾਲੀ ਨੇ ਕਿਹਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਕੌਮੀ ਸ਼ਹੀਦ ਹਨ, ਜਿਨ੍ਹਾਂ ਨੇ ਜ਼ੁਲਮ ਦਾ ਅੰਤ ਕਰਨ ਲਈ ਆਪਣੀ ਸ਼ਹਾਦਤ ਦਿੱਤੀ।
ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ ਬਰਿਆਰ ਤੇ ਮੌਜੂਦਾ ਕਮੇਟੀ ਦੇ ਉਪ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਨੇ ਵੀ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ!