ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ। ਹਾਂ, ਇਹ ਉਨ੍ਹਾਂ ਹੀ ਸਮਿਆਂ ਦੀ ਗੱਲ ਹੈ ਜਦੋਂ ਟਰੈਕਟਰ, ਖੇਤੀ ਦੇ ਸੰਦ, ਘਰਾਂ ਦਾ ਸਮਾਨ ਤੇ ਖੇਤਾਂ ਵਿਚੋਂ ਪੁੱਟ ਕੇ ਲਿਆਂਦੀਆਂ ਗਈਆਂ ਮੋਟਰਾਂ ਵੀ ਥਾਣਿਆਂ ਵਿਚ ‘ਨਜ਼ਰਬੰਦ‘ ਸਨ। ਲਹਿਲਹਾਉਂਦੀਆਂ ਫ਼ਸਲਾਂ ਉਤੇ ਸੁਹਾਗੇ ਫੇਰ ਦਿਤੇ ਗਏ ਸਨ। ਟੱਬਰਾਂ ਦੀ ਹਾਲਤ ਬਿਆਨ ਕਰਨ ਲਈ ਇਤਿਹਾਸ ਅਜੇ ਵੀ ਸਾਨੂੰ ਆਵਾਜ਼ਾਂ ਮਾਰਦਾ ਹੈ ਅਤੇ ਕਿਸੇ ਰਤਨ ਸਿੰਘ ਭੰਗੂ ਦੇ ਮੁੜ ਪੈਦਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਇਥੇ ਹੀ ਬੱਸ ਨਹੀਂ ਸਗੋਂ ਇਕ ਇਕੱਠ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕੁੱਝ ਚਾਪਲੂਸ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਕੇ ਆਪਣੀ ਜੁੰਡੀ ਦੇ ਇਸ ਯਾਰ ਦੀ ‘ਪ੍ਰਾਪਤੀ‘ ਨੂੰ ਗੁਰੂਆਂ ਦੇ ਬਰਾਬਰ ਲੈ ਜਾਣ ਦੀ ਹਿਮਾਕਤ ਕਰ ਰਹੇ ਸਨ। ਇਸ ਉਦਾਸ ਖਲਾਅ ਨੂੰ ਭਰਨ ਲਈ ਹੀ ਭਾਈ ਦਿਲਾਵਰ ਸਿੰਘ ਮੈਦਾਨ ਵਿਚ ਉਤਰੇ ਸਨ ਅਤੇ ਉਨ੍ਹਾਂ ਨੇ ਇਕ ਵਾਰ ਮੁੜ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਯਾਦ ਕਰਵਾ ਕੇ ਇਹ ਐਲਾਨ ਕੀਤਾ ਕਿ ਸਿੱਖ ਇਤਿਹਾਸ ਕੁਕਨਸ ਦੀ ਰਾਖ ਵਾਂਗ ਮੁੜ ਮੁੜ ਉਠਦਾ ਹੈ ਤੇ ਆਪਣਾ ਜਾਹੋ ਜਲਾਲ ਵਿਖਾਉਂਦਾ ਹੈ, ਵਿਖਾਉਂਦਾ ਰਿਹਾ ਹੈ ਅਤੇ ਅੱਗੇ ਨੂੰ ਵੀ ਵਿਖਾਉਂਦਾ ਰਹੇਗਾ।
ਇਤਿਹਾਸ ਦਾ ਜਾਗਦਾ ਸੱਚ ਇੰਨਾ ਵੀ ਕਮਲਾ ਰਮਲਾ ਨਹੀਂ ਹੈ ਕਿ ਉਹ ਆਉਣ ਵਾਲੇ ਕੱਲ੍ਹ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ‘ਸ਼ਹੀਦ‘ ਕਰਾਰ ਦੇਵੇਗਾ। ਉਂਝ ਇਹ ਫੈਸਲਾ ਕਰਨ ਲਈ ਸਾਨੂੰ ਇਤਿਹਾਸ ਦੀ ਰੂਹ ਨਾਲ ਸਰਸ਼ਾਰ ਹੋਣਾ ਚਾਹੀਦਾ ਹੈ। ਕੌਣ ਸ਼ਹੀਦ ਹੈ ਤੇ ਕੌਣ ਸ਼ਹੀਦ ਨਹੀਂ, ‘ਸਮੇਂ ਦਾ ਅੱਜ‘ ਇਹ ਫੈਸਲਾ ਕਰਨ ਦੇ ਯੋਗ ਨਹੀਂ ਹੁੰਦਾ ਕਿਉਂਕਿ ਹਕੂਮਤਾਂ ਦੇ ਵਗ ਰਹੇ ਝੱਖੜ ਦੌਰਾਨ ਸੱਚੇ ਸ਼ਹੀਦ ਦੀ ਪਛਾਣ ਸਥਾਪਤ ਹੋਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਪਰ ਸਾਡੀ ਕੌਮ ਦੀ ਇਤਿਹਾਸ ਬਾਰੇ ਚੇਤੰਨਤਾ ਨੂੰ ਕਿਉਂ ਸੋਕਾ ਪੈ ਗਿਆ ਹੈ, ਇਸ ਦਾ ਝੋਰਾ ਸਾਨੂੰ ਜ਼ਰੂਰ ਉਦਾਸ ਕਰਦਾ ਹੈ।
ਆਓ ਇਤਿਹਾਸ ਦੇ ਵਿਹੜੇ ਵਿਚ ਕਦਮ ਰੱਖੀਏ। ਅਜੇ ਕੱਲ ਦੀਆਂ ਗੱਲਾਂ ਹਨ ਜਦੋਂ ਮਹਾਤਮਾ ਗਾਂਧੀ ਨੇ ਜਨਰਲ ਡਾਇਰ ਨੂੰ ਮਾਰਨ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਦੇ ਇਤਿਹਾਸਕ ਕਾਰਨਾਮੇ ਦੀ ਖੁੱਲ੍ਹੇਆਮ ਨਿੰਦਾ ਕੀਤੀ ਸੀ ਅਤੇ ਇਹ ਵੀ ਕੱਲ ਦੀਆਂ ਹੀ ਗੱਲਾਂ ਹਨ ਜਦੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਸਿਰਫ਼ ਖੱਬੇਪੱਖੀ ਜਥੇਬੰਦੀਆਂ ਹੀ ਮਨਾਉਂਦੀਆਂ ਸਨ। ਅੱਜ ਕਲ੍ਹ ਇਹ ਸ਼ਹੀਦੀ ਦਿਵਸ ਮਨਾਉਣ ਲਈ ਕਾਂਗਰਸੀ ਸਭ ਤੋਂ ਅੱਗੇ ਹੁੰਦੇ ਹਨ। ਹਾਂ, ਉਹੋ ਕਾਂਗਰਸੀ ਜਿਸ ਦੇ ਨੇਤਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ਰੁਕਾਉਣ ਲਈ ਜਾਣ ਬੁਝ ਕੇ ਕੁਝ ਵੀ ਨਹੀਂ ਸਨ ਕਰਨਾ ਚਾਹੁੰਦੇ। ਗਦਰ ਪਾਰਟੀ ਦੇ ਲਹਿਰ ਦੇ ਸ਼ਹੀਦਾਂ ਨੂੰ ਵੀ ਭਲਾਂ ਕੌਣ ਪੁੱਛਦਾ ਸੀ? ਇਹ ਗੱਲ ਵੀ ਸਾਡੀਆਂ ਯਾਦਾਂ ਵਿਚੋਂ ਵਿਸਰਦੀ ਜਾ ਰਹੀ ਹੈ ਕਿ ਬੱਬਰ ਅਕਾਲੀਆਂ ਵਲੋਂ ਗਦਾਰਾਂ ਨੂੰ ਸੋਧਣ ਦੀਆਂ ਕਾਰਵਾਈਆਂ ਤੇ ਕੁਰਬਾਨੀਆਂ ਦੀ ਪ੍ਰਸੰਸਾ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਿੰਦਾ ਕਰਦੀ ਹੁੰਦੀ ਸੀ ਤੇ ਇਸ ਸਬੰਧ ਵਿਚ ਮਤੇ ਬਕਾਇਦਾ ਰਿਕਾਰਡ ਵਿਚ ਦਰਜ ਹਨ। ਇਥੇ ਸ. ਮਲਵਿੰਦਰ ਸਿੰਘ ਵੜੈਚ ਦਾ ਜ਼ਿਕਰ ਆਪ ਮੁਆਰੇ ਹੀ ਆ ਜਾਂਦਾ ਹੈ ਜਿਸ ਨੇ ਇਨ੍ਹਾਂ ਸ਼ਹੀਦਾਂ ਨੂੰ ਸਾਡੀਆਂ ਯਾਦਾਂ ਵਿਚ ਵਸਾਉਣ ਅਤੇ ਰਸਾਉਣ ਲਈ ਇਕ ਵੱਡੀ ਸੰਸਥਾ ਤੋਂ ਵੀ ਵੱਡਾ ਕੰਮ ਕੀਤਾ ਹੈ। ਇਤਿਹਾਸ ਨੂੰ ਕਿਸ ਨਿਰਪੱਖਤਾ, ਸੰਜੀਦਗੀ ਤੇ ਇਮਾਨਦਾਰੀ ਨਾਲ ਵੇਖਣਾ ਚਾਹੀਦਾ ਹੈ, ਇਹ ਸਿਹਰਾ 80ਵਿਆਂ ਵਿਚੋਂ ਲੰਘ ਰਹੇ ਇਸ ਬੁੱਢੇ ਜਰਨੈਲ ਨੂੰ ਜਾਂਦਾ ਹੈ ਜੋ ਅਜੇ ਵੀ ਛਿਪੇ ਰਹਿਣ ਦੀ ਚਾਹ ਨਾਲ ਜਾਗਣ ਤੇ ਜਗਾਉਣ ਦੀ ਨਿਰਮਲ ਰੀਤ ਨੂੰ ਜਾਰੀ ਰੱਖ ਰਿਹਾ ਹੈ।
ਇਹ ਗ਼ੈਰਇਤਿਹਾਸਕ, ਬਦਨਾਮ ਤੇ ਝੂਠ ਵਰਗੇ ਸੱਚ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਮੇਂ ਦੀਆਂ ਤਾਕਤਾਂ ਨੇ ਸ਼ਹੀਦ ਦੀ ਪਰਿਭਾਸ਼ਾ ਨੂੰ ਹਮੇਸ਼ਾ ਹੀ ਧੁੰਦਲੀ ਕਰਨ ਦਾ ਬਦਕਾਰ ਕੰਮ ਬੜੇ ਚਾਵਾਂ ਨਾਲ ਆਪਣੇ ਮੋਢਿਆਂ ਉਤੇ ਚੁਕਿਆ ਹੁੰਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਸ਼ਹੀਦ ਦਾ ਰੁਤਬਾ ਦੇ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ‘ਸ਼ਹਾਦਤ‘ ਸ਼ਬਦ ਦੇ ਅਰਥ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਜਦੋਂ ਕੌਮਾਂ ਸੁੱਤੀਆਂ ਹੁੰਦੀਆਂ ਹਨ ਤਾਂ ਇਨ੍ਹਾਂ ਲੋਕਾਂ ਦੀ ਸੱਚ ਮੁੱਚ ਹੀ ਬੱਲੇ ਬੱਲੇ ਹੁੰਦੀ ਹੈ ਅਤੇ ਸੱਚ ਕੁਝ ਚਿਰ ਲਈ ਕੂੜ ਦੇ ਬਦਲਾਂ ਹੇਠਾਂ ਢੱਕਿਆ ਰਹਿ ਜਾਂਦਾ ਹੈ ਪਰ ਸਮਾਂ ਆਉਣ ‘ਤੇ ਇਤਿਹਾਸਕਾਰ ਅਸਲ ਸੱਚ ਨੂੰ ਰੌਸ਼ਨ ਕਰਦੇ ਹੀ ਹਨ।
ਇਹ ਤਾਂ ਸੱਚੀ ਮੁੱਚੀ ਬੀਤੇ ਕੱਲ੍ਹ ਦੀ ਗੱਲ ਹੈ ਜਦੋਂ ‘ਨਿਹੰਗ‘ ਸ਼ਬਦ ਤੇ ਉਸ ਸ਼ਬਦ ਦੀ ਸ਼ਾਨਾਮੱਤੀ ਰਵਾਇਤ ਨੂੰ ਬਦਨਾਮ ਕਰਨ ਵਾਲੇ ਪੂਹਲੇ ਦੀ ਬਰਸੀ ‘ਤੇ ਉਹ ਐਮ.ਐਲ.ਏ. ਜਾ ਕੇ ਪੂਹਲੇ ਦੀਆਂ ਸਿਫ਼ਤਾਂ ਕਰਦਾ ਹੈ ਜਿਸ ਦਾ ਆਪਣਾ ਪਿਤਾ ਸਿੱਖ ਕੌਮ ਦੀ ਆਜ਼ਾਦੀ ਲਈ ਲੜਦਾ ਰਿਹਾ ਹੈ। ਭਲਾਂ ਆਉਣ ਵਾਲਾ ਕੱਲ ਇਸ ਵਿਅਕਤੀ ਦੀ ਇਤਿਹਾਸਕ ਸਮਝ ਬਾਰੇ ਕੀ ਫੈਸਲਾ ਲਵੇਗਾ ਅਤੇ ਉਸ ਦੇ ਪਿਤਾ ਦੀਰੂਹ ਸੁਰਗਾਂ ਵਿਚੋਂ ਇਸ ਪੁੱਤਰ ਨੂੰ ਕਿਵੇਂ ਕੋਸਦੀ ਹੋਵੇਗੀ, ਅਸੀਂ ਇਹ ਟਿੱਪਣੀ ਸੁਹਿਰਦ ਪਾਠਕਾਂ ਅਤੇ ਜ਼ਮੀਰਾਂ ਦੇ ਰਾਖਿਆਂ ਉਤੇ ਛੱਡਦੇ ਹਾਂ।
ਹੁਣ ਆਓ ਉਸ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਅੱਜ ਇਕ ਅਖ਼ਬਾਰ ਵਿਚ ਦਿੱਤੇ ਇਸ਼ਤਿਹਾਰ ਬਾਰੇ ਗੱਲ ਕਰੀਏ ਜਿਸ ਵਿਚ ਭਾਈ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਆਪਣਾ ‘ਯਾਰ‘ ਕਹਿ ਕੇ ਸੰਬੋਧਨ ਕੀਤਾ ਹੈ। ਤੁਹਾਨੂੰ ਚੇਤੇ ਹੋਏਗਾ ਕਿ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੇ ਹਾਲ ਵਿਚ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਛੇਤੀ ਫਾਂਸੀ ਦਿੱਤੀ ਜਾਵੇ ਕਿਉਂਕਿ ਉਹ ਆਪਣੇ ਯਾਰ ਨੂੰ ਮਿਲਣ ਲਈ ਉਤਾਵਲੇ ਹਨ। ਭਾਈ ਬਲਵੰਤ ਸਿੰਘ ਦੇ ਆਪਣੇ ਲਫ਼ਜਾਂ ਅਨੁਸਾਰ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਯਾਰ ਦਿਲਾਵਰ ਨੂੰ ਧੂੰਆਂ ਬਣਦੇ ਦੇਖਿਆ ਸੀ। ਇਕ ਯਾਰ ਦੀ ਦੂਜੇ ਯਾਰ ਨੂੰ ਇੰਝ ਉਤਾਵਲੇ ਹੋ ਕੇ ਰੂਹਾਂ ਦੀ ਦੁਨੀਆਂ ਵਿਚ ਮਿਲਣ ਦੀ ਇਹੋ ਜਿਹੀ ਕਹਾਣੀ ਇਤਿਹਾਸ ਦੇ ਪੱਤਰਿਆਂ ਉਤੇ ਸ਼ਾਇਦ ਹੀ ਕਿਤੇ ਮਿਲਦੀ ਹੋਵੇ। ਇਹੋ ਜਿਹੀ ਦਾਸਤਾਨ ਲਈ ਸਾਡੀ ਕੌਮ ਨੂੰ ਹੰਝੂਆਂ ਦੇ ਦਰਿਆ ਵਗਾ ਦੇਣੇ ਚਾਹੀਦੇ ਸਨ। ਪਰ ਸਾਡੀ ਕੌਮ? ਇਸ ਕੌਮ ਦੇ ਆਗੂ? ਗੁਰੂ-ਪੈਂਡੇ ਤੋਂ ਲਾਂਭੇ ਲਾਂਭੇ ਜਾ ਰਹੀ ਕੌਮ ਦੇ ਸ਼ਹੀਦਾਂ ਦਾ ਹਾਲ ਸ਼ਾਇਦ ਹਰਿੰਦਰ ਮਹਿਬੂਬ ਦੇ ਸ਼ਬਦਾਂ ਵਿਚ ਕੁਝ ਇਸ ਤਰ੍ਹਾਂ ਹੁੰਦਾ ਹੈ:
ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰੇ
ਗੁਰੂ ਦੇ ਪੈਂਡੇ ਕੌਮ ਨਾ ਜਦ ਤਕ ਸਫਰ ਕਰੇ
ਬਲਵੰਤ ਤੇ ਦਿਲਾਵਰ ਦੀ ਅਗੰਮੀ ਦੋਸਤੀ ਤੋਂ ਇਕ ਹੋਰ ਇਤਿਹਾਸਕ ਘਟਨਾ ਯਾਦ ਆ ਗਈ ਹੈ। ਸ਼ਹੀਦ ਰਾਮ ਪ੍ਰਸ਼ਾਦ ਬਿਸਮਲ ਅਤੇ ਸ਼ਹੀਦ ਅਸ਼ਫਾਕ ਉਲ੍ਹਾ ਗੂੜੇ ਯਾਰ ਸਨ। ਦੋਵਾਂ ਨੂੰ ਅੰਗਰੇਜ਼ ਹਕੂਮਤ ਦੌਰਾਨ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸ਼ਹੀਦ ਬਿਸਮਲ ਸ਼ਾਇਰ ਵੀ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਜੇਲ੍ਹ ਤੋਂ ਬਾਹਰ ਇਕ ਗਜ਼ਲ ਲਿਖ ਕੇ ਸ਼ਹੀਦ ਭਗਤ ਸਿੰਘ ਨੂੰ ਭੇਜੀ। ਸ਼ਹੀਦ ਭਗਤ ਸਿੰਘ ਨੇ ਸਮਝ ਲਿਆ ਕਿ ਇਹ ਗਜ਼ਲ ਲੁਕੇ ਰੂਪ ਵਿਚ ਉਨ੍ਹਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਸਕੀਮ ਬਾਰੇ ਗੱਲ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਨੇ ਸਭ ਕੁਝ ਤੈਅ ਕਰ ਦਿਤਾ। ਪਰ ਸਕੀਮ ਅਨੁਸਾਰ ਰਾਮ ਪ੍ਰਸ਼ਾਦ ਬਿਸਮਲ ਤਾਂ ਛੁਡਾਏ ਜਾ ਸਕਦੇ ਹਨ ਲੇਕਿਨ ਅਸ਼ਫਾਕ ਉੱਲ੍ਹਾ ਨੂੰ ਛੁਡਾਉਣਾ ਬਹੁਤ ਮੁਸ਼ਕਲ ਸੀ। ਬਿਸਮਲ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਅਸ਼ਫਾਕ ਉੱਲ੍ਹਾ ਤੋਂ ਬਿਨਾਂ ਉਹ ਬਾਹਰ ਨਹੀਂ ਜਾਏਗਾ। ਮੁੱਕਦੀ ਗੱਲ ਦੋਵੇਂ ਯਾਰ ਇਕੱਠੇ ਫਾਂਸੀ ‘ਤੇ ਚੜ੍ਹੇ ਤੇ ਉਨ੍ਹਾਂ ਦੀ ਯਾਰੀ ਪ੍ਰਵਾਨ ਚੜ੍ਹੀ। ਪਰ ਬਲਵੰਤ ਦੀ ਕਹਾਣੀ ਫਿਰ ਵੀ ਵੱਖਰੀ ਹੈ। ਉਹ ਤਾਂ ਅਪੀਲ ਵੀ ਨਹੀਂ ਕਰ ਰਿਹਾ। ਕੋਈ ਦਲੀਲ ਵੀ ਨਹੀਂ ਦੇ ਰਿਹਾ। ਆਪਣੇ ਕਾਰਨਾਮੇ ‘ਤੇ ਮਾਣ ਵੀ ਕਰ ਰਿਹਾ ਹੈ। ਇਕ ਜਾਗਦਾ ਸਿੰਘ ਕਿਵੇਂ ਸੱਜ ਧੱਜ ਨਾਲ ਮਕਤਲ ਵੱਲ ਜਾਣ ਲਈ ਕਾਹਲਾ ਹੈ ਤੇ ਉਸ ਕੌਮ ਦੇ ਲੋਕ ਉਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਸਤੇ ਵੀ ਇਕੱਠੇ ਹੋਣ ਤੋਂ ਡਰਦੇ ਹਨ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਖਾਮੋਸ਼ ਹੈ ਤੇ ਖਾਮੋਸ਼ ਹੈ ਅਕਾਲ ਦਾ ਤਖ਼ਤ। ਖਾਮੋਸ਼ ਹਨ ਉਹ ਸੰਤ ਜਿਨ੍ਹਾਂ ਨੇ ਆਪਣੇ ਅੰਦਰਲੇ ‘ਸਿਪਾਹੀ‘ ਦੀ ਰੂਹ ਨੂੰ ਕਿੰਨੇ ਚਿਰਾਂ ਤੋਂ ਸੌਣ ਲਈ ਭੇਜਿਆ ਹੋਇਆ ਹੈ। ਦਸ਼ਮੇਸ਼ ਪਿਤਾ ਇਨ੍ਹਾਂ ਬਾਰੇ ਕੀ ਸੋਚਦੇ ਹੋਣਗੇ ਜਿਨ੍ਹਾਂ ਨੂੰ ਕੌਮ ਮਹਾਂਪੁਰਸ਼ ਕਹਿ ਕੇ ਸੱਜਦਾ ਕਰਦੀ ਹੈ। ਹਾਲਤ ਕੁਝ ਇਸ ਤਰ੍ਹਾਂ ਦੀ ਹੈ:
ਕੋਈ ਆਹਟ, ਕੋਈ ਆਵਾਜ਼, ਕੋਈ ਚਾਹ ਨਹੀਂ।
ਦਿਲ ਕੀ ਗਲੀਆਂ ਬੜੀ ਸੁੰਨ ਸਾਨ ਹੈਂ, ਆਏ ਕੋਈ।
ਉੱਘੇ ਬਰਤਾਨਵੀ ਇਤਿਹਾਸਕਾਰ ਟੇਲਰ ਨੇ ਗੱਲ ਨੇਪੋਲੀਅਨ ਦੀਆਂ ਗਲਤੀਆਂ ਬਾਰੇ ਕੀਤੀ ਸੀ ਪਰ ਇਹ ਟਿੱਪਣੀ ਉਨ੍ਹਾਂ ਸਭਨਾਂ ਕੌਮਾਂ ਦੀ ਹਾਲਤ ਬਾਰੇ ਢੁੱਕਦੀ ਹੈ ਜਿਨ੍ਹਾਂ ਦੀ ਲੀਡਰਸ਼ਿਪ ਢੇਰੀ ਢਾਹ ਕੇ ਬੈਠੀ ਹੋਈ ਹੈ। ਇਹ ਟਿੱਪਣੀ ਕੁਝ ਇਸ ਤਰ੍ਹਾਂ ਹੈ: ”ਉਸ (ਨੇਪੋਲੀਅਨ) ਨੇ ਇਤਿਹਾਸ ਦੀਆਂ ਗਲਤੀਆਂ ਤੋਂ ਇਹੋ ਸਬਕ ਸਿਖਿਆ ਕਿ ਉਸ ਨੇ ਨਵੀਆਂ ਗਲਤੀਆਂ ਕੀਤੀਆਂ।‘‘ ਸਾਡੀ ਕੌਮ ਵੀ ਇਤਿਹਾਸ ਦੀਆਂ ਗਲਤੀਆਂ ਤੋਂ ਇਹੋ ਸਬਕ ਸਿਖ ਰਹੀ ਹੈ ਕਿ ਹੁਣ ਉਹ ਨਵੀਆਂ ਗਲਤੀਆਂ ਕਰਨ ਦੇ ਰਾਹ ‘ਤੇ ਪਈ ਹੋਈ ਹੈ।