Site icon Sikh Siyasat News

ਸ਼੍ਰੋ.ਗੁ.ਪ੍ਰ.ਕ. ਨੇ ਮੁੜ ਪਲਟੀ ਮਾਰੀ; ਕਿਹਾ ਹੁਣ ਫੂਲਕਾ ਦਾ ਸਨਮਾਨ ਕਰਾਂਗੇ; 26 ਜਨਵਰੀ ਨੂੰ ਸਮਾਗਮ ਰੱਖਿਆ

ਅੰਮ੍ਰਿਤਸਰ: 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗਵਾਹੀਆਂ ਦੇਣ ਵਾਲੇ ਗਵਾਹਾਂ ਅਤੇ ਮੁਕਦਮਿਆਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਸਨਮਾਨ ਹੁਣ 26 ਜਨਵਰੀ ਨੂੰ ਹੋਵੇਗਾ।

ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਇੰਜ. ਸੁਖਮਿੰਦਰ ਸਿੰਘ ਨੇ ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਹੈ।

ਉਨ੍ਹਾਂ ਆਖਿਆ ਕਿ ਸ਼੍ਰੋ.ਗੁ.ਪ੍ਰ.ਕ. ਵੱਲੋਂ ਪਹਿਲਾਂ ਇਹ ਸਨਮਾਨ 22 ਜਨਵਰੀ ਨੂੰ ਰੱਖਿਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਹੁਣ ਇਹ ਸਨਮਾਨ 26 ਜਨਵਰੀ ਨੂੰ ਕੀਤਾ ਜਾਵੇਗਾ।

ਐਚ.ਐਸ. ਫੂਲਕਾ

ਉਨ੍ਹਾਂ ਦੱਸਿਆ ਕਿ ਸਨਮਾਨ ਦਾ ਸਥਾਨ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਹੀ ਹੋਵੇਗਾ, ਜਦਕਿ ਸਮਾਂ ਸਵੇਰ ਦੇ 11 ਵਜੇ ਦਾ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ 34 ਸਾਲ ਪਹਿਲਾਂ ਵਾਪਰੀ ਨਸਲਕੁਸ਼ੀ ਦੇ ਬਹੁਤੇ ਮਾਮਲਿਆਂ ਵਿਚ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ ਤੇ ਬੀਤੇ ਸਮੇਂ ਦੌਰਾਨ ਦੋ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜਾਵਾਂ ਦਿੱਤੇ ਜਾਣ, ਜਿਨ੍ਹਾਂ ਵਿਚ ਇਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਵੀ ਉਮਰ ਕੈਦ ਹੋਈ ਹੈ, ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਨੇ ਗਵਾਹਾਂ ਤੇ ਵਕੀਲਾਂ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਸੀ। ਪਰ ਵਕੀਲ ਐਚ. ਐਸ. ਫੂਲਕਾ ਵੱਲੋਂ ਸ਼੍ਰੋ.ਗੁ.ਪ੍ਰ.ਕ. ਨੂੰ ਬਾਦਲਾਂ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਸਿੱਖ ਸੇਵਕ ਆਰਮੀ ਬਣਾਉਣ ਦੇ ਐਲਾਨ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਨੇ ਉਨ੍ਹਾਂ ਦਾ ਸਨਮਾਨ ਕਰਨ ਬਾਰੇ ਦੁਚਿੱਤੀ ਵਿਚ ਆ ਗਈ ਸੀ। ਹੁਣ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਦੇ “ਸਾਰਿਆਂ ਦਾ ਸਨਮਾਨ ਕਰਨ” ਵਾਲੇ ਬਿਆਨ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਨੇ ਸਨਮਾਨ ਬਾਰੇ ਉਕਤ ਬਿਆਨ ਜਾਰੀ ਕੀਤਾ ਹੈ।

ਉਕਤ ਬਿਆਨ ਵਿਚ ਭਾਵੇਂ ਕਿਸੇ ਦਾ ਵੀ ਨਾ ਨਹੀਂ ਦਰਜ਼ ਕੀਤਾ ਗਿਆ ਪਰ ਸੂਤਰਾਂ ਨੇ ਦੱਸਿਆ ਹੈ ਕਿ ਹੁਣ ਸ਼੍ਰੋ.ਗੁ.ਪ੍ਰ.ਕ. ਨੇ ਵਕੀਲ ਫੂਲਕਾ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version