ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਸਾਰੀ ਘਟਨਾ ਦੀ ਜਾਂਚ ਲਈ ਗਠਿਤ ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਤੇ ਸ: ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ‘ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਤੇ ਕੋਆਰਡੀਨੇਟਰ ਮੀਤ ਸਕੱਤਰ ਸ: ਸੁਖਦੇਵ ਸਿੰਘ ਭੂਰਾ ਕੋਹਨਾ ਨੇ ਵਾਪਸੀ ਮੌਕੇ ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਕਾਫ਼ੀ ਸਮਾਂ ਪਹਿਲਾਂ ਮੁੱਲ ਖਰੀਦੀ ਜ਼ਮੀਨ ਸਬੰਧੀ ਕਿਸੇ ਸ਼ਰਾਰਤੀ ਅਨਸਰ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਇਸ ਜ਼ਮੀਨ ‘ਤੇ 1947 ਤੋਂ ਪਹਿਲਾਂ ਮਸਜਿਦ ਬਣੀ ਹੋਈ ਸੀ। ਜਦਕਿ ਮਾਲ ਵਿਭਾਗ ਦੇ ਰਿਕਾਰਡ ਤੇ ਪੁਰਾਣੇ ਸਮੇਂ ਤੋਂ ਉਥੇ ਰਹਿੰਦੇ ਲੋਕਾਂ ਤੋਂ ਅਜਿਹੇ ਕੋਈ ਵੇਰਵੇ ਨਹੀਂ ਮਿਲੇ।
ਉਨ੍ਹਾਂ ਦੱਸਿਆ ਕਿ ਉੱਚ ਅਦਾਲਤ ‘ਚੋਂ ਕੇਸ ਗੁਰਦੁਆਰਾ ਸਾਹਿਬ ਦੇ ਹੱਕ ‘ਚ ਹੋਣ ਉਪਰੰਤ ਬੀਤੇ ਦਿਨੀਂ ਇਥੇ ਲੈਂਟਰ ਪਾਇਆ ਗਿਆ ਤੇ ਇਸ ਲੈਂਟਰ ਤੋਂ ਨਾਰਾਜ਼ ਦੂਸਰੇ ਫਿਰਕੇ ‘ਚ ਸ਼ਾਮਿਲ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਦੇਰ ਰਾਤ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਥਰਾਅ ਕੀਤਾ ਗਿਆ।
ਇਸ ਉਪਰੰਤ ਦੋਵਾਂ ਧਿਰਾਂ ‘ਚ ਵਿਵਾਦ ਪੈਦਾ ਹੋ ਗਿਆ ਤੇ ਦੂਸਰੇ ਫਿਰਕੇ ਵਲੋਂ ਚਲਾਈ ਗੋਲੀ ਨਾਲ ਇਕ ਰਾਹਗੀਰ ਵਪਾਰੀ ਦੀ ਮੌਤ ਹੋ ਗਈ, ਜਦਕਿ ਇਕ ਸਿੱਖ ਨੌਜਵਾਨ ਤੇ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਦੇ ਵਿਵਾਦ ‘ਚ ਪੁਲਿਸ ਵੱਲੋਂ ਦਖ਼ਲ ਦਿੰਦਿਆਂ ਹਾਲਾਤਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਦੂਜੀ ਧਿਰ ਵੱਲੋਂ ਸਿੱਖਾਂ ਨਾਲ ਸਬੰਧਿਤ 40 ਦੇ ਕਰੀਬ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ।
ਇਸ ਉਪਰੰਤ ਸਿੱਖਾਂ ਨੇ ਪੁਲਿਸ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੂਸਰੀ ਧਿਰ ਨੇ ਥਾਣਾ ਘੇਰ ਲਿਆ ਤੇ ਮਜਬੂਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਨਾਲ ਇਕ ਮੁਸਲਿਮ ਨੌਜਵਾਨ ਦੀ ਮੌਤ ਹੋ ਗਈ।
ਜਾਂਚ ਟੀਮ ਅਨੁਸਾਰ ਦੋਵੇਂ ਧਿਰਾਂ ਵਿਵਾਦ ਕਾਰਨ ਬੇਸ਼ੱਕ ਇਕ ਦੂਸਰੇ ਪ੍ਰਤੀ ਤਣਾਅ ਦੀ ਸਥਿਤੀ ‘ਚ ਹਨ ਪਰ ਆਪੋ ਆਪਣੇ ਖੇਤਰਾਂ ‘ਚ ਹੋਣ ਕਾਰਨ ਹੋਰ ਟਕਰਾਅ ਦੇ ਆਸਾਰ ਨਹੀਂ ਹਨ।
