ਅੰਮ੍ਰਿਤਸਰ: 6 ਜੂਨ ਨੂੰ ਘੱਲੂਘਾਰਾ ਦਿਹਾੜੇ ਮੌਕੇ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਮੀਡੀਏ ਦੇ ਦਾਖਲੇ ’ਤੇ ਪਾਬੰਦੀ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਨੇ ਯੂ-ਟਰਨ ਲੈ ਲਿਆ ਹੈ। ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੇ ਕਿ 6 ਜੂਨ ਨੂੰ ਮੀਡੀਆ ਦੇ ਦਾਖਲੇ ’ਤੇ ਹੁਣ ਪਾਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੈਨ ਲਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਇਸ ਲਈ ਜਿਸਨੇ ਵੀ ਇਹ ਹੁਕਮ ਜਾਰੀ ਕੀਤੇ ਹਨ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪਹਿਲਾਂ 6 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਸੀ। ਚਿੱਠੀ ਵਿਚ ਮੁੱਖ ਸਕੱਤਰ ਨੇ ਲਿਖਿਆ ਸੀ ਕਿ ਇਸ ਦਿਨ ਪਰਕਰਮਾ ਵਿਚ ਮੀਡੀਆ ਦੇ ਆਉਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਇਸ ਦਿਨ ਮੀਡੀਆ ਦੇ ਪਰਕਰਮਾ ਵਿਚ ਆਉਣ ਉੱਤੇ ਪਾਬੰਦੀ ਹੋਵੇਗੀ।