ਅੰਮ੍ਰਿਤਸਰ (27 ਜੂਨ, 2015): ਸ਼੍ਰੋਮਣੀ ਕਮੇਟੀ ਵੱਲੋਂ ਉੱਤਰਾਖੰਡ ਵਿਖੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ, ਜੋਸ਼ੀ ਮੱਠ ਅਤੇ ਵੱਖ-ਵੱਖ ਇਲਾਕਿਆਂ ‘ਚ ਫਸੀਆਂ ਸੰਗਤਾਂ ਲਈ ਰਾਹਤ ਸਮੱਗਰੀ ਭੇਜੀ ਗਈ। ਸਮੱਗਰੀ ਦੇ ਟਰੱਕ ਨੂੰ ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਰਵਾਨਾ ਕੀਤਾ ਗਿਆ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ‘ਚ ਆਉਣ ਵਾਲੀ ਹਰ ਕੁਦਰਤੀ ਆਫ਼ਤ ਸਮੇਂ ਬਿਨ੍ਹਾਂ ਕਿਸੇ ਭੇਦਭਾਵ ਦੇ ਸੇਵਾ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਸਦ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਜਿਸ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਤੇ ਹਰਭਿੰਦਰ ਸਿੰਘ ਇੰਚਾਰਜ ਲੰਗਰ ਅਤੇ ਹੋਰ ਸਟਾਫ਼ ਨਾਲ ਜਾ ਰਹੇ ਹਨ।
ਇਸ ਰਾਹਤ ਸਮੱਗਰੀ ‘ਚ ਆਟਾ, ਦਾਲਾਂ, ਸੁੱਕਾ ਦੁੱਧ, ਖੰਡ, ਪੱਤੀ, ਚੌਲ, ਦੇਸੀ ਘਿਓ, ਰੀਫਾਇੰਡ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਗਿਆ। ਇਸ ਮੌਕੇ ਜਤਿੰਦਰ ਸਿੰਘ ਤੇ ਬਘੇਲ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਹਾਜ਼ਰ ਸੀ।