ਚੰਡੀਗੜ: ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਡਾਂਗਮਾਰ ਸਬੰਧੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਇਸਦੀ ਇਤਿਹਾਸਕਤਾ ਉਜਾਗਰ ਕਰਨ ਲਈ ਪ੍ਰਕਿਿਰਆ ਆਰੰਭ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਪੰਜਾਬ ਦੇ ਰਾਜਪਾਲ ਕੋਲ ਮਸਲਾ ਰੱਖਣ ਦੀ ਤਿਆਰੀ ਵੀ ਕਰ ਲਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਇੱਕ ਪੱਤਰ ਲਿਖ ਕੇ ਗੱਲਬਾਤ ਲਈ ਸਮਾਂ ਮੰਗਿਆ ਹੈ।
ਪ੍ਰੋ: ਬਡੂੰਗਰ ਵੱਲੋਂ ਰਾਜਪਾਲ ਨੂੰ ਲਿਖੇ ਗਏ ਪੱਤਰ ਵਿਚ ਮਸਲੇ ਦੀ ਗੰਭੀਰਤਾ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਤੁਰੰਤ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਲਿਿਖਆ ਹੈ ਕਿ ਸਥਾਨਕ ਪ੍ਰਸ਼ਾਸਨ ਦੀ ਸ਼ਹਿ ‘ਤੇ ਲਾਮਿਆਂ ਵੱਲੋਂ ਪਹਿਲੇ ਪਾਤਸ਼ਾਹ ਜੀ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਬੁੱਧ ਗੋਂਕਸ਼ਾ ਵਿਚ ਬਦਲ ਦਿੱਤਾ ਗਿਆ ਹੈ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਪਵਿੱਤਰ ਵਸਤਾਂ ਨੂੰ ਬਾਹਰ ਕੱਢ ਕੇ ਬੇਅਦਬੀ ਕੀਤੀ ਗਈ ਹੈ।
ਉਨ੍ਹਾਂ ਆਖਿਆ ਕਿ ਜਿਥੇ ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਸਿੱਖਾਂ ਲਈ ਉਹ ਅਸਥਾਨ ਵਿਸ਼ੇਸ਼ ਧਾਰਮਿਕ ਅਹਿਮੀਅਤ ਰੱਖਦੇ ਹਨ। ਇਸ ਲਈ ਗੁਰਦੁਆਰਾ ਸਾਹਿਬ ਗੁਰੂ ਡਾਂਗਮਾਰ ਦੀ ਹੋਂਦ ਨੂੰ ਖਤਮ ਕੀਤੇ ਜਾਣ ਦੇ ਯਤਨਾਂ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਬੰਧਤ ਖ਼ਬਰ: ਗੁ: ਡਾਂਗਮਾਰ (ਸਿੱਕਮ) ਦੇ ਮਸਲੇ ‘ਤੇ ਮੁੰਬਈ ਦੇ ਅੰਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ ‘ਚ ਲਾਈ ਅਰਜ਼ੀ
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਨੇ ਦੱਸਿਆ ਕਿ ਇਸ ਸੰਜੀਦਾਂ ਮਾਮਲੇ ਪ੍ਰਤੀ ਸ਼੍ਰੋਮਣੀ ਕਮੇਟੀ ਗੰਭੀਰ ਹੈ ਅਤੇ ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਹੀ ਪੰਜਾਬ ਦੇ ਰਾਜਪਾਲ ਪਾਸੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸਿੱਕਮ ਸਰਕਾਰ ਉਪਰ ਜ਼ੋਰ ਪਾਉਣ ਲਈ ਕਿਹਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਵੱਲੋਂ ਇੱਕ ਮਤਾ ਪਾਸ ਕਰਕੇ ਜਿਥੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਸੀ, ਉਥੇ ਹੀ ਪੰਜਾਬ ਦੇ ਰਾਜਪਾਲ ਸਮੇਤ ਭਾਰਤ ਸਰਕਾਰ ਪਾਸ ਮਸਲੇ ਦੇ ਹੱਲ ਲਈ ਪਹੁੰਚ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ।
ਸਬੰਧਤ ਖ਼ਬਰ: ਗੁ: ਡਾਂਗਮਾਰ (ਸਿੱਕਮ) ਦੇ ਸਬੰਧ ‘ਚ ਦਿੱਲੀ ਕਮੇਟੀ ਦੇ ਵਫਦ ਵਲੋਂ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਜ਼ਿਕਰਯੋਗ ਹੈ ਕਿ ਪ੍ਰੋ: ਬਡੂੰਗਰ ਦੇ ਨਿਰਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਇਸ ਮਾਮਲੇ ਸਬੰਧੀ ਸਿੱਕਮ ਦੇ ਗੁਰਦੁਆਰਾ ਸਾਹਿਬਾਨ ਦਾ ਦੌਰਾ ਕਰਕੇ ਆਇਆ ਹੈ, ਜਿਸ ਨੇ ਆਪਣੀ ਰਿਪੋਰਟ ਵਿਚ ਗੁਰਧਾਮਾਂ ਦੀ ਹੋਈ ਬੇਅਦਬੀ ਦੀ ਪੁਸ਼ਟੀ ਕੀਤੀ ਹੈ।