Site icon Sikh Siyasat News

ਵੱਖ-ਵੱਖ ਮੁਲਕਾਂ ਦੇ ਸਫ਼ਾਰਤਖ਼ਾਨਿਆਂ ਨੂੰ ਸੌਂਪਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਪਛਾਣ ਨਾਲ ਸੰਬੰਧਤ ਕਿਤਾਬਚਾ ਤਿਆਰ

ਅੰਮ੍ਰਿਤਸਰ: ਭਾਰਤ ਨੂੰ ਛੱਡ ਹੋਰ ਵੱਖ-ਵੱਖ ਮੁਲਕਾਂ ਵਿੱਚ ਇਸ ਵੇਲੇ ਲਗਭਗ 20 ਲੱਖ ਸਿੱਖ ਵਸੇ ਹੋਏ ਹਨ, ਜਿਨ੍ਹਾਂ ਵਿੱਚੋਂ ਵਧੇਰੇ ਸਿੱਖ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਿੱਚ ਹਨ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਗਏ ਕਿਤਾਬਚੇ ‘ਸਮ ਕਾਮਨ ਕੰਸਰਨ ਐਂਡ ਇਸ਼ੂਜ਼ ਆਫ਼ ਓਵਰਸੀਜ਼ ਸਿੱਖ ਕਮਿਊਨਿਟੀ’ ਵਿੱਚ ਕੀਤਾ ਗਿਆ ਹੈ। ਇਹ ਕਿਤਾਬਚਾ ਵਿਦੇਸ਼ਾਂ ਵਿੱਚ ਸਿੱਖ ਪਛਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਹੁਣ ਵੱਖ-ਵੱਖ ਮੁਲਕਾਂ ਦੇ ਸਫ਼ਾਰਤਖ਼ਾਨਿਆਂ ਨੂੰ ਸੌਂਪਿਆ ਜਾਵੇਗਾ। ਇਹ ਕਿਤਾਬਚਾ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਰਿਲੀਜ਼ ਕੀਤਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਹੋਰ ਸਿੱਖ ਪਛਾਣ ਸਬੰਧੀ ਤਿਆਰ ਕਿਤਾਬਚਾ ਜਾਰੀ ਕਰਦੇ ਹੋਏ

ਵੱਖ-ਵੱਖ ਸਿੱਖ ਵਿਦਵਾਨਾਂ ਦੀ ਰਾਏ ਨਾਲ ਤਿਆਰ ਕੀਤੇ ਗਏ ਇਸ ਕਿਤਾਬਚੇ ਵਿੱਚ ਪਹਿਲੀ ਵਿਸ਼ਵ ਜੰਗ ਤੋਂ ਲੈ ਕੇ ਹੁਣ ਤੱਕ ਦੇ ਸਿੱਖ ਇਤਿਹਾਸ, ਸਿੱਖ ਪਛਾਣ, ਸਿੱਖਾਂ ਦੀਆਂ ਵਿਸ਼ਵ-ਵਿਆਪੀ ਪ੍ਰਾਪਤੀਆਂ, ਸਿੱਖਾਂ ਦੀ ਵਿਦੇਸ਼ਾਂ ਵਿੱਚ ਸਥਿਤੀ, ਕਾਰੋਬਾਰ, ਸਭਿਆਚਾਰ ਅਤੇ ਹੋਰ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬਚੇ ਵਿੱਚ ਦਰਜ ਹੈ ਕਿ ਇਸ ਵੇਲੇ ਵੱਖ-ਵੱਖ ਮੁਲਕਾਂ ਵਿੱਚ ਸਿੱਖਾਂ ਦੀ ਆਬਾਦੀ ਲਗਭਗ 20 ਲੱਖ ਹੈ, ਜਿਸ ਵਿੱਚੋਂ ਸਭ ਤੋਂ ਵਧੇਰੇ ਕੈਨੇਡਾ ਵਿੱਚ 4.68 ਲੱਖ ਸਿੱਖ ਹਨ। ਬਰਤਾਨੀਆ ਵਿੱਚ ਸਿੱਖਾਂ ਦੀ ਗਿਣਤੀ ਲਗਭਗ 4.32 ਲੱਖ ਹੈ ਅਤੇ ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ ਲਗਭਗ ਢਾਈ ਲੱਖ ਹੈ। ਇਸ ਵੇਲੇ ਸਿੱਖ ਭਾਰਤ ਨੂੰ ਛੱਡ ਕੇ 58 ਹੋਰ ਮੁਲਕਾਂ ਵਿੱਚ ਵਸੇ ਹੋਏ ਹਨ ਪ੍ਰੰਤੂ ਉਹ ਪਛਾਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਮੁਲਕਾਂ ਵਿਚ ਸਿੱਖਾਂ ਨੂੰ ਮੁਸਲਮਾਨ ਸਮਝਦਿਆਂ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ‘ਤੇ ਯਤਨ ਸ਼ੁਰੂ ਕੀਤੇ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਇਹ ਕਿਤਾਬਚਾ ਸਿੱਖ ਵਿਦਵਾਨ ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਕਾਰ ਸਿੰਘ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਧਰਮ ਸਿੰਘ ਅਤੇ ਦਿਲਜੀਤ ਸਿੰਘ ਬੇਦੀ ‘ਤੇ ਆਧਾਰਿਤ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਕਿਤਾਬਚੇ ਨੂੰ ਜਲਦੀ ਹੀ ਵੱਖ-ਵੱਖ ਮੁਲਕਾਂ ਦੇ ਸਫਾਰਖਾਨਿਆਂ ਵਿਚ ਮੌਜੂਦ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ, ਜਿਸ ਨਾਲ ਸਿੱਖ ਪਛਾਣ ਸਬੰਧੀ ਜਾਗਰੂਕਤਾ ਵਧੇਗੀ। ਇਹ ਕਿਤਾਬਚਾ ਦਰਬਾਰ ਸਾਹਿਬ ਆਉਣ ਵਾਲੇ ਹਰੇਕ ਵਿਦੇਸ਼ੀ ਨੁਮਾਇੰਦੇ ਨੂੰ ਵੀ ਦਿੱਤਾ ਜਾਵੇਗਾ। ਇਸ ਦਾ ਅਨੁਵਾਦ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਕਰਵਾਇਆ ਜਾਵੇਗਾ ਤਾਂ ਜੋ ਵੱਖ-ਵੱਖ ਮੁਲਕਾਂ ਦੇ ਲੋਕ ਇਸ ਨੂੰ ਆਪਣੀ ਭਾਸ਼ਾ ਵਿੱਚ ਪੜ੍ਹ ਸਕਣ ਅਤੇ ਸਿੱਖਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸ਼੍ਰੋਮਣੀ ਕਮੇਟੀ ਇਸ ਕਿਤਾਬਚੇ ‘ਤੇ ਆਧਾਰਿਤ ਇੱਕ ਦਸਤਾਵੇਜ਼ੀ ਵੀਡਿਓ ਫਿਲਮ ਵੀ ਤਿਆਰ ਕਰੇਗੀ। ਇਸ ਨੂੰ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਦੇ 2011 ਦੇ ਸਦਨ ਦੇ ਜਨਰਲ ਇਜਲਾਸ ਨੂੰ ਸੱਦਣ ਸਬੰਧੀ ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਕੋਈ ਪੱਤਰ ਨਹੀਂ ਪੁੱਜਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਪੱਤਰ ਦੀ ਉਡੀਕ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਸ ਸੰਬੰਧੀ ਹੋਏ ਫੈਸਲੇ ਦੀ ਕਾਪੀ ਅਤੇ ਲੋੜੀਂਦਾ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਸਰਹੱਦ ‘ਤੇ ਬਣੇ ਤਣਾਅ ਵਾਲੇ ਹਾਲਾਤ ਦੌਰਾਨ ਪੱਤਰ ਦਾ ਹੁੰਗਾਰਾ ਆਉਣ ਵਿੱਚ ਦੇਰ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version