ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ "ਜਾਂਚ ਟੀਮ" ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ

ਸਿਆਸੀ ਖਬਰਾਂ

ਕਿਰਪਾਲ ਸਿੰਘ ਬਡੂੰਗਰ ਨੇ ਕਿਹਾ; ਸ਼੍ਰੋਮਣੀ ਕਮੇਟੀ ਭਾਈ ਧਿਆਨ ਸਿੰਘ ਮੰਡ ਹੁਰਾਂ ਨਾਲ ਗੱਲਬਾਤ ਲਈ ਤਿਆਰ

By ਸਿੱਖ ਸਿਆਸਤ ਬਿਊਰੋ

March 22, 2017

ਮੁਕੇਰੀਆਂ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਰਜਕਾਰੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਹੁਰਾਂ ਨਾਲ ਹਰ ਪਲੇਟਫਾਰਮ ’ਤੇ ਗੱਲਬਾਤ ਲਈ ਤਿਆਰ ਹੈ। ਕਮੇਟੀ ਸਿੱਖ ਮਸਲਿਆਂ ਬਾਰੇ ਟਕਰਾਅ ਦੀ ਸਥਿਤੀ ਦੀ ਥਾਂ ਰਲ ਕੇ ਮਸਲੇ ਹੱਲ ਕਰਨ ਨੂੰ ਤਰਜੀਹ ਦੇਵੇਗੀ। ਉਹ ਕੱਲ੍ਹ (ਬੁੱਧਵਾਰ ਨੂੰ) ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਸ਼੍ਰੋਮਣੀ ਕਮੇਟੀ ਅਧੀਨ ਚੱਲਦੀਆਂ ਵਿੱਦਿਅਕ ਸੰਸਥਾਵਾਂ ਦੇ ਖਾਲਸਾਈ ਸੱਭਿਆਚਾਰਕ ਪ੍ਰੋਗਰਾਮਾਂ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।

ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸੀਬੀਆਈ ਪੜਤਾਲ ਵਿੱਚ ਲੱਗੀ ਹੋਈ ਹੈ। ਜੇਕਰ ਸਾਰਥਿਕ ਸਿੱਟੇ ਨਾ ਨਿਕਲੇ ਤਾਂ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਉਪਰਾਲੇ ਕਰੇਗੀ। ਉਨ੍ਹਾਂ ਕਿਹਾ ਕਿ ਉਤਸਵ ਦਾ ਉਦੇਸ਼ ਸਿੱਖ ਵਿਦਿਆਰਥੀਆਂ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ ਜੋੜਨਾ ਅਤੇ ਨੈਤਿਕ ਗੁਣਾਂ ਦਾ ਧਾਰਨੀ ਬਣਾਉਣਾ ਹੈ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਸਮੇਤ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ (ਵਿਦਿਆ) ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਦੇ ਉਦੇਸ਼ ਬਾਰੇ ਦੱਸਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ 36 ਕਾਲਜਾਂ ਦੇ ਕਰੀਬ 1200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਧਾਰਮਿਕ ਨਾਟਕਾਂ, ਸਮੇਤ ਸ਼ਬਦ ਗਾਇਨ, ਤੰਤੀ ਸਾਜ਼ ਵਾਦਨ, ਤਬਲਾ ਵਾਦਕ, ਧਾਰਮਿਕ ਕਵਿਤਾ, ਨਿਬੰਧ ਲੇਖਨ, ਸਲੋਗਨ ਲੇਖਨ, ਚਿੱਤਰਕਾਰੀ, ਕਲਾਜ਼ ਮੇਕਿੰਗ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ ਮੁਕਾਬਲੇ ਤੇ ਧਾਰਮਿਕ ਕੁਇਜ਼ ਹੋਈ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ ਸੀ ਡਾ. ਗੁਰਮੋਹਨ ਸਿੰਘ ਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਹਰਜਿੰਦਰ ਸਿੰਘ ਧਾਮੀ, ਚਰਨਜੀਤ ਸਿੰਘ ਜੱਸੋਵਾਲ, ਬੀਬੀ ਰਣਜੀਤ ਕੌਰ ਮਾਹਿਲਪੁਰ ਤੇ ਤਾਰਾ ਸਿੰਘ ਸੱਲ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: