ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੰਦੀ ਛੋੜ ਦਿਹਾੜੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕੌਮ ਦੇ ਨਾਮ ਦਿੱਤੇ ਜਾਣ ਵਾਲਾ ਸੰਦੇਸ਼ ਕੌਣ ਪੜ੍ਹੇਗਾ, ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਿਆਨੀ ਗੁਰਬਚਨ ਸਿੰਘ ਜਾਂ ਕੋਈ ਹੋਰ? ਇਸ ਬਾਰੇ ਸ਼ਾਇਦ ਕਮੇਟੀ ਵੀ ਅਜੇ ਤੀਕ ਕੋਈ ਫੈਸਲਾ ਨਹੀਂ ਲੈ ਸਕੀ ਕਿਉਂਕਿ ਕਮੇਟੀ ਨੇ ਆਪਣੇ ਵਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ‘ਚ ਗਿਆਨੀ ਗੁਰਬਚਨ ਸਿੰਘ ਦਾ ਨਾਮ ਹੀ ਨਹੀਂ ਛਾਪਿਆ। ਬੰਦੀਛੋੜ ਦਿਹਾੜੇ ਦੇ ਸਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਸ਼ਤਿਹਾਰ ਛਪਵਾ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਨੇੜਲੇ ਕਸਬਿਆਂ/ ਪਿੰਡਾਂ ਵਿੱਚ ਲਗਵਾਏ ਜਾਂਦੇ ਹਨ।
ਦਰਬਾਰ ਸਾਹਿਬ ਦੇ ਮੈਨੇਜਰ ਦੀ ਮੋਹਰ ਅਤੇ ਦਸਤਖਤਾਂ ਹੇਠ ਛਾਪੇ ਜਾਣ ਵਾਲੇ ਇਸ ਇਸ਼ਤਿਹਾਰ ਵਿੱਚ ਜਿਥੇ ਦਰਬਾਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮੁੱਚੇ ਸਮਾਗਮਾਂ ਦਾ ਜ਼ਿਕਰ ਹੁੰਦਾ ਹੈ ਉਥੇ ਵਿਸ਼ੇਸ਼ ਤੌਰ ‘ਤੇ ਦੱਸਿਆ ਜਾਂਦਾ ਹੈ ਕਿ ਬੰਦੀਛੋੜ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਸਥਿਤ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਪੜ੍ਹਨਗੇ। ਜਥੇਦਾਰ ਦੀ ਗੱਲ ਕਰਦਿਆਂ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਛਾਪਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਬੰਦੀਛੋੜ ਦਿਹਾੜੇ ਸਬੰਧੀ ਇਸ਼ਤਿਹਾਰ ਛਪਵਾਉਂਦਿਆਂ ਨਾ ਤਾਂ ਸ਼ਬਦ ਸ੍ਰੀ ਅਕਾਲ ਤਖਤ ਵਰਤਿਆ ਗਿਆ ਅਤੇ ਨਾ ਹੀ ਕਿਧਰੇ ਗਿਆਨੀ ਗੁਰਬਚਨ ਸਿੰਘ ਦਾ ਨਾਮ ਛਾਪਿਆ ਗਿਆ। ਇਸ਼ਤਿਹਾਰ ‘ਚ ਲਿਖਿਆ ਗਿਆ ਹੈ ਕਿ ‘ਦੀਵਾਲੀ ਵਾਲੇ ਦਿਨ ਸ਼ਾਮ 5 ਵਜੇ ਦਰਸ਼ਨੀ ਡਿਉੜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ‘ਸਿੰਘ ਸਾਹਿਬ’ ਸਿੱਖ ਕੌਮ ਦੇ ਨਾਮ ਸੰਦੇਸ਼ ਦੇਣਗੇ ਅਤੇ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ।
ਜ਼ਿਕਰਯੋਗ ਹੈ ਕਿ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੇ ਗਿਆਨੀ ਗੁਰਬਚਨ ਸਿੰਘ ਨੂੰ ਕਿਸੇ ਵੀ ਮੌਕੇ ਸੰਦੇਸ਼ ਪੜ੍ਹੇ ਜਾਣ ਤੋਂ ਰੋਕਣ ਲਈ ਸੰਗਤਾਂ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਇਸ ਸਾਲ ਵੀ ਜੂਨ 84 ਦੇ ਘਲੂਘਾਰੇ ਦੀ ਯਾਦ ਮਨਾਉਣ ਮੌਕੇ ਗਿਆਨੀ ਗੁਰਬਚਨ ਸਿੰਘ ਪ੍ਰਤੀ ਉਠਣ ਵਾਲੇ ਕਿਸੇ ਰੋਹ ਨੂੰ ਸ਼ਾਂਤ ਕਰਨ ਲਈ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਾਰਜਕਾਰੀ ਜਥੇਦਾਰਾਂ ਨਾਲ ਵੀ ਮੁਲਾਕਾਤਾਂ ਕੀਤੀਆਂ ਸਨ। ਪਰ ਐਨ ਮੌਕੇ ‘ਤੇ ਗਿਆਨੀ ਗੁਰਬਚਨ ਸਿੰਘ ਨੇ ਹੀ ਸੰਦੇਸ਼ ਪੜ੍ਹਿਆ। ਹੁਣ ਇਕ ਵਾਰ ਫਿਰ ਬੰਦੀ ਛੋੜ ਦਿਹਾੜੇ ਮੌਕੇ ਸੰਗਤਾਂ ਦੇ ਰੋਹ ਦੀ ਸੰਭਾਵਨਾ ਕਰਕੇ ਹੀ ਗਿਆਨੀ ਗੁਰਬਚਨ ਸਿੰਘ ਦਾ ਨਾਮ ਇਸ਼ਤਿਹਾਰ ‘ਤੇ ਨਹੀਂ ਛਪਵਾਇਆ ਗਿਆ। ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਪਹਿਲਾਂ ਹੀ ਇਹ ਬਿਆਨ ਦੇ ਦਿੱਤਾ ਕਿ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੋਏਗੀ।
ਸਬੰਧਤ ਖ਼ਬਰ:
ਘੱਲੂਘਾਰਾ ਸਮਾਗਮ: ਗਿਆਨੀ ਗੁਰਬਚਨ ਸਿੰਘ ਵਲੋਂ ਸੰਦੇਸ਼ ਪੜ੍ਹਨ ਦਾ ਸਿੱਖ ਸੰਗਤ ਵਲੋਂ ਜ਼ਬਰਦਸਤ ਵਿਰੋਧ …