ਫਤਹਿਗੜ੍ਹ ਸਾਹਿਬ (30 ਜੂਨ, 2015): ਸਿੱਖ ਧਰਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਨਾਲ ਮਿਲਦੀ ਜੁਲਦੀ ਗੁਰਦੁਆਰਾ ਮਸਤੂਆਣਾ (ਸੰਗਰੂਰ) ਦੀ ਬਣ ਰਹੀ ਵਿਵਾਦਤ ਇਮਾਰਤ ਦੇ ਮੁੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਾਰਜ਼ਕਾਰਨੀ ਦੀ ਮੀਟਿੰਗ ਵਿੱਚ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਵਿਵਾਦਤ ਇਮਾਰਤ ਨੂੰ ਰੋਕਣ ਅਤੇ ਪੜਤਾਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਇਮਾਰਤ ਦੇ ਨਿਰੀਖਣ ਲਈ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰ ਕਰਨੈਲ ਸਿੰਘ ਪੰਜੋਲੀ, ਰਜਿੰਦਰ ਸਿੰਘ ਮਹਿਤਾ ਤੇ ਮੋਹਨ ਸਿੰਘ ਬੰਗੀ ‘ਤੇ ਆਧਾਰਿਤ ਪੰਜ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਗਈ ਹੈ ਤੇ ਇਸ ਕਮੇਟੀ ਦੇ ਕੋ-ਆਰਡੀਨੇਟਰ ਕੇਵਲ ਸਿੰਘ ਵਧੀਕ ਸਕੱਤਰ ਨੂੰ ਬਣਾਇਆ ਗਿਆ ਹੈ ਜੋ ਗੁਰਦੁਆਰਾ ਮਸਤੂਆਣਾ ਵਿਖੇ ਪਹੁੰਚ ਕੇ ਸਮੁੱਚੀ ਇਮਾਰਤ ਆਦਿ ਦਾ ਜਾਇਜ਼ਾ ਲੈਣਗੇ। ਸਬ ਕਮੇਟੀ ਵੱਲੋਂ ਕੀਤੀ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਘਰ ਹੈ ਅਤੇ ਇਸ ਅਸਥਾਨ ‘ਤੇ ਹਜ਼ਾਰਾਂ ਲੋਕ ਨਤਮਸਤਕ ਹੋ ਕੇ ਆਪਣੇ ਆਪ ਨੂੰ ਜਿਥੇ ਵਡਭਾਗਾ ਸਮਝਦੇ ਹਨ । ਇਸ ਲਈ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ‘ਤੇ ਹੋਰ ਕਿਸੇ ਵੀ ਗੁਰੂ ਘਰ ਦੀ ਇਮਾਰਤ ਉਸਾਰੀ ਨਹੀਂ ਜਾ ਸਕਦੀ।
ਉਨ੍ਹਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਕਰਦਿਆਂ ਕਿਹਾ ਕਿ ਗੁਰਦੁਆਰਾ ਮਸਤੂਆਣਾ (ਸੰਗਰੂਰ) ਦੀ ਬਣ ਰਹੀ ਇਮਾਰਤ ਪਹਿਲਾਂ ਵੀ ਵਿਵਾਦਾਂ ‘ਚ ਰਹੀ ਹੈ ਤੇ ਹੁਣ ਵੀ ਇਸ ਬਾਰੇ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਕਿਸੇ ਵੀ ਹੋਰ ਗੁਰੂ ਘਰ ਦੀ ਇਮਾਰਤ ਬਣਾਉਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਮਸਤੂਆਣਾ (ਸੰਗਰੂਰ) ਦੀ ਬਣ ਰਹੀ ਇਮਾਰਤ ਨੂੰ ਤੁਰੰਤ ਰੋਕਿਆ ਜਾਵੇ।