ਸ੍ਰੀ ਆਨੰਦਪੁਰ ਸਾਹਿਬ (31 ਜੁਲਾਈ, 2015): ਮੰਬਈ ਵਿੱਚ 1993 ਵਿੱਚ ਹੋਏ ਬੰਬ ਧਮਾਕਿਆਂ ਦੇ ਕੇਸ ਸਬੰਧੀ ਨਿਆਂਪਾਲਿਕਾ ਅਤੇ ਕੇਂਦਰ ਸਰਕਾਰ ਨੇ ਤੇਜ਼ੀ ਦਿਖਾਈ ਹੈ, ਪਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਲੋਕ ਸਰਕਾਰੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ ।
ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਰਕਾਰ ਵਿਸ਼ੇਸ਼ ਪਹਿਲਕਦਮੀ ਕਰੇ ਤਾਂ ਜੋ ਇਨਸਾਫ਼ ਲਈ 31 ਸਾਲ ਤੋਂ ਜਦੋਜਹਿਦ ਕਰ ਰਹੇ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਇੱਥੇ ਕੀਤਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੁਹਤ ਦੁੱਖ ਦੀ ਗੱਲ ਹੈ ਕਿ ਸਿੱਖ ਕੌਮ ਤਿੰਨ ਦਹਾਕਿਆਂ ਤੋਂ ਖ਼ੂਨ ਦੇ ਹੰਝੂ ਰੋ ਰਹੀ ਹੈ ਅਤੇ ਇਨਸਾਫ਼ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ। ਪਰ ਅਜੇ ਤੱਕ 1984 ਕਤਲੇਆਮ ਦੇ ਕੇਸਾਂ ਦਾ ਨਿਪਟਾਰਾ ਨਹੀਂ ਹੋ ਸਕਿਆ। ੳੁਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਲੋਕ ਸਰਕਾਰੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਦੋਹਰੀ ਨੀਤੀ ਨਾ ਅਪਣਾ ਕੇ ਸਾਰਿਆਂ ਵਾਸਤੇ ਕਾਨੂੰਨ ਨੂੰ ਇੱਕ ਰੱਖਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਭਾਈ ਰੂਪ ਸਿੰਘ ਅਤੇ ਦਿਲਜੀਤ ਸਿੰਘ ਬੇਦੀ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਹਾਜ਼ਰ ਸਨ।