ਅਸਤੀਫਾ ਦੇਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ

ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਬਾਰੀ ਘਟਨਾ ਵਿਰੁੱਧ ਰੋਸ ਵਜੋਂ ਸ਼੍ਰੌਮਣੀ ਕਮੇਟੀ ਮੈਂਬਰਾਂ ਅਤੇ  ਬਾਦਲ ਦਲ ਦੇ ਅਹੁਦੇਦਾਰਾਂ ਵੱਲੋਂ ਅਸਤੀਫਾ

By ਸਿੱਖ ਸਿਆਸਤ ਬਿਊਰੋ

October 17, 2015

ਚੰਡੀਗਡ਼੍ਹ(16 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਸਰਕਾਰ ਦੀ ਅਸਫਲਤਾ ਅਤੇ ਬਾਅਦ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸ਼ਾਂਤਮਈ ਰੋਸ ਧਰਨਾ ਦੇ ਰਹੇ ਸਿੱਖ ਸੰਗਤਾਂ ‘ਤੇ ਡਾਂਗਾਂ ਵਰ੍ਹਾਉਣ ਅਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਿਰੁੱਧ ਪੰਜਾਬ ਦੀ ਬਾਦਲ ਸਰਕਾਰ ਅਤੇ ਬਾਦਲ ਦਲ ਖਿਲਾਫ ਸਿੱਖਾਂ ਦਾ ਰੋਹ ਵੱਧਦਾ ਜਾ ਰਿਹਾ ਹੈ।ਇਸ ਵਧਦੇ ਰੋਸ ਦੇ ਚਲਦਿਆਂ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ, ਬਾਦਲ  ਦਲ ਦੇ ਅਹੁਦੇਦਾਰਾਂ ਅਤੇ ਪਿੰਡਾਂ ਦੀਆਂ ਪੰਚਇਤਾਂ ਵੱਲੌਂ ਅਸਤੀਫੇ ਦੇਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ।

ਇਸ ਰੋਸ ਵਜੋਂ 6 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਵੱਲੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਕੁਲਦੀਪ ਸਿੰਘ ਨੱਸੂਪੁਰ ਤੇ ਬੀਬੀ ਪਰਮਜੀਤ ਕੌਰ ਭੱਗੂ ਨੇ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ, ਜਦੋਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋਡ਼-ਵਿਛੋਡ਼ਾ      ਕਰ ਲਿਆ।

ਸਮਾਣਾ ਨਾਲ ਸਬੰਧਤ ਹਲਕਾ ਨਾਭਾ ਤੋਂ ਐਸਜੀਪੀਸੀ ਮੈਂਬਰ     ਕੁਲਦੀਪ ਸਿੰਘ ਨੱਸੂਪੁਰ ਨੇ ਸ਼੍ਰੋਮਣੀ ਕਮੇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀ ਨੱਸੂਪੁਰ ਨੇ ਆਪਣੇ ਘਰ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ਰੀਦਕੋਟ ਦੀ ਘਟਨਾ ਲਈ ਪੁਲੀਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ  ਕਿਹਾ ਕਿ  ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਸੀ ਤਾਂ ਪ੍ਰਸ਼ਾਸਨ ਉਸ ਸਮੇਂ ਹੀ ਇਸ ਨੂੰ ਗੰਭੀਰਤਾ ਨਾਲ ਲੈਂਦਾ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ੳੁਨ੍ਹਾਂ ਵੱਲੋਂ ਅਸਤੀਫ਼ੇ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਕੁੱਝ ਸੀਨੀਅਰ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਬਾਰੇ ਵਾਰ ਵਾਰ ਫੋਨ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਪੱਤਰਕਾਰਾਂ ਸਾਹਮਣੇ ਹੀ ਫੋਨ ਹੋਲਡ ਰੱਖ ਕੇ ਇਸ ਦਾ ਐਲਾਨ  ਕਰ ਦਿੱਤਾ।

ਪਿੰਡ ਭਾਈ ਕੀ ਪਸ਼ੌਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੱਗੂ ਨੇ ਅੱਜ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਪਹੁੰਚ ਕੇ ਸੰਗਤ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਕਮੇਟੀ ਪ੍ਰਧਾਨ ਨੂੰ ਭੇਜ ਰਹੇ ਹਨ। ਇਸ ਮਗਰੋਂ ਉਹ  ਗੁਰਦੁਆਰੇ ਤੋਂ ਪਿੰਡ ਵਿੱਚ ਕੱਢੇ ਰੋਸ ਮਾਰਚ ਵਿੱਚ ਵੀ ਸ਼ਾਮਲ ਹੋਏ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਮੌਂਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀ ਮੌਂਟੀ ਪਹਿਲਾਂ ਸਰਨਾ ਧੜੇ ਨਾਲ ਜੁੜੇ ਹੋਏ ਸਨ ਤੇ ਕਈ ਵਾਰ ਉਨ੍ਹਾਂ ਸਰਨਾ ਭਰਾਵਾਂ ਨੂੰ ਵੀ ਕਈ ਮੁੱਦਿਆਂ ‘ਤੇ ਖਰੀਆਂ-ਖਰੀਆਂ ਸੁਣਾਈਆਂ ਸਨ। ਇਸ ਵਾਰ ਉਹ ਬਾਦਲ ਧੜੇ ਦੀ ਟਿਕਟ ’ਤੇ ਵਿਕਾਸਪੁਰੀ ਹਲਕੇ ਤੋਂ ਜਿੱਤੇ ਹਨ। ਉਹ ਕਮੇਟੀ ਮੈਂਬਰ ਬਣੇ ਰਹਿਣਗੇ।

ਦਲ (ਬਾਦਲ) ਦੇ ਕੌਮੀ ਮੀਤ ਪ੍ਰਧਾਨ ਜਥੇ: ਗੁਰਪ੍ਰਤਾਪ ਸਿੰਘ ਰਿਆੜ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ  । ਅੱਜ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਭੇਜਦਿਆਂ ਜਥੇ: ਰਿਆੜ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਚੰਡੀਗੜ੍ਹ ਤੋਂ ਪਾਰਟੀ ਦੇ 50 ਡੈਲੀਗੇਟਾਂ ਅਤੇ 5 ਹਜ਼ਾਰ ਮੈਂਬਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਦਿੱਤੇ ਹਨ  ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰੀ ਦਬਾਅ ਨਾਲ ਹੁਕਮਨਾਮਾ ਜਾਰੀ ਕਰਵਾ ਕੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫ਼ੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਘੋਰ ਬੇਅਦਬੀ ਕਰਕੇ ਸਿੱਖਾਂ ਨੂੰ ਅਹਿਸਾਸ ਕਰਵਾਇਆ ਗਿਆ ਹੈ ਕਿ ਜਾਂ ਤਾਂ ਤੁਸੀਂ ਆਰ.ਐਸ.ਐਸ. ਦੀ ਗੁਲਾਮੀ ਸਵੀਕਾਰ ਕਰ ਲਵੋ, ਨਹੀਂ ਤਾਂ ਤੁਹਾਡੇ ਆਗੂਆਂ ਰਾਹੀਂ ਅਸੀਂ ਤੁਹਾਡਾ ਸਰੂਪ, ਤੁਹਾਡੀ ਬੋਲੀ, ਤੁਹਾਡਾ ਧਰਮ ਅਤੇ ਤੁਹਾਡੇ ਸੱਭਿਆਚਾਰ ਨੂੰ ਖ਼ਤਮ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ  ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਜੈ ਸਿੰਘ ਦਿਲਾਵਰ ਪੁਰ ਨੇ ਕੋਟ ਕਪੂਰਾ ਵਿਖੇ ਵਾਪਰੀਆਂ ਸਿੱਖ ਵਿਰੋਧੀ ਘਟਨਾਵਾਂ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਦਿੱਤਾ ਹੈ  । ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹਿਤੈਸ਼ੀ ਅਖਵਾਉਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਉਪ ਮੱੁਖ ਮੰਤਰੀ ਨੂੰ ਸਿਰਫ਼ ਤੇ ਸਿਰਫ਼ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਚਿੰਤਾ ਹੈ  ।

ਇਸ ਵੋਟ ਬੈਂਕ ਨੂੰ ਵਧਾਉਣ ਲਈ ਉਹ ਕਿਸੇ ਵੀ ਕਿਸਮ ਦੀ ਸਿੱਖ ਵਿਰੋਧੀ ਸਾਜ਼ਿਸ਼ ਵੀ ਕਰਨ ਵਿਚ ਪਰਹੇਜ਼ ਨਹੀਂ ਕਰਦੇ  । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ‘ਤੇ ਕੋਈ ਪਰਚਾ ਨਹੀਂ ਦਰਜ ਕੀਤਾ ਜਦਕਿ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ‘ਤੇ ਗੋਲੀ ਚਲਾਉਣੀ ਅਤੇ ਸੰਤਾਂ ਅਤੇ ਸਿੱਖ ਨੌਜਵਾਨਾਂ ‘ਤੇ ਪਰਚੇ ਦਰਜ ਕਰਨਾ ਨਾਦਰਸ਼ਾਹ ਤੇ ਔਰੰਗਜ਼ੇਬ ਦੇ ਰਾਜ ਤੋਂ ਘੱਟ ਨਹੀਂ  ।

ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਦੇ ਅਤਿ ਨਜ਼ਦੀਕੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਾਸਲ ਜਥੇ: ਇਕਬਾਲ ਸਿੰਘ ਖੇੜਾ ਨੇ ਬਰਗਾੜੀ (ਕੋਟਕਪੁਰਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰ ਰਹੇ ਦੋ ਸਿੰਘਾਂ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਦੇ ਰੋਸ ਵਜੋਂ ਆਪਣੇ ਪਾਰਟੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ  ।

ਪ੍ਰੈੱਸ ਬਿਆਨ ਰਾਹੀਂ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਮੈਂ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗਾ, ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਨਾਲ ਦੋ ਸਿੰਘਾਂ ਦੀ ਮੌਤ ਹੋ ਜਾਣ ਦੀ ਘਟਨਾ ਬੇਹੱਦ ਮੰਦਭਾਗੀ ਹੈ ਜਿਸਨੂੰ ਰੋਸ ਵਜੋਂ ਮੈਂ ਫੈਸਲਾ ਲਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: