ਅੰਮ੍ਰਿਤਸਰ: ਹਾਲ ਹੀ ਵਿਚ ਜਾਰੀ ਹੋਈ ਪੰਜਾਬੀ ਫਿਲਮ ‘ਸੁਪਰ ਸਿੰਘ’ ਵਿਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਅੰਸ਼ਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨੋਟਿਸ ਲੈਂਦਿਆਂ ਇਸ ਬਾਰੇ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਮੀਤ ਸਕੱਤਰ ਸਿਮਰਜੀਤ ਸਿੰਘ ਅਤੇ ਧਾਰਮਿਕ ਪ੍ਰੀਖਿਆ ਦੇ ਇੰਚਾਰਜ ਸੁਖਦੇਵ ਸਿੰਘ (ਕੋਆਰਡੀਨੇਟਰ) ਨੂੰ ਸ਼ਾਮਲ ਕਰ ਕੇ ਫਿਲਮ ਵੇਖਣ ਉਪਰੰਤ ਤੁਰੰਤ ਰਿਪੋਰਟ ਦੇਣ ਨੂੰ ਕਿਹਾ ਹੈ।
ਇਸ ਸਬੰਧੀ ਜਾਰੀ ਇੱਕ ਬਿਆਨ ਵਿਚ ਪ੍ਰੋ. ਬਡੂੰਗਰ ਨੇ ਕਿਹਾ ਕਿ ਫਿਲਮ ਬਾਰੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਨਾਲ-ਨਾਲ ਮੀਡੀਆ ਰਾਹੀਂ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਪੁੱਜੀਆਂ ਸ਼ਿਕਾਇਤਾਂ ਵਿਚ ਜਿਥੇ ਫਿਲਮ ਦੀ ਕਹਾਣੀ ਨੂੰ ਸਿੱਖ ਫਲਸਫੇ ਦੇ ਵਿਰੁੱਧ ਦੱਸਿਆ ਗਿਆ ਹੈ, ਉੱਥੇ ਹੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਵੀ ਮਨਘੜਤ ਕਿਸਮ ਦੇ ਦ੍ਰਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਦਰਬਾਰ ਸਾਹਿਬ ਅਧਿਆਤਮਿਕਤਾ ਦਾ ਸੋਮਾ ਹੋਣ ਕਾਰਨ ਸਿੱਖਾਂ ਦੇ ਨਾਲ-ਨਾਲ ਸਮੁੱਚੀ ਮਾਨਵਤਾ ਲਈ ਬੇਹੱਦ ਸਤਿਕਾਰਤ ਧਾਰਮਿਕ ਅਸਥਾਨ ਹੈ, ਜਿਸ ਬਾਰੇ ਵਿਵਾਦਤ ਫਿਲਮਾਂਕਣ ਨਹੀਂ ਹੋਣਾ ਚਾਹੀਦਾ। ਜੇਕਰ ਫਿਲਮ ਵਿਚ ਅਜਿਹਾ ਕੀਤਾ ਗਿਆ ਹੈ ਤਾਂ ਇਹ ਠੀਕ ਨਹੀਂ। ਉਨ੍ਹਾਂ ਕਿਹਾ ਕਿ ਫਿਲਮਾਂ ਵਿਚ ਧਰਮ ਸਬੰਧੀ ਵਿਵਾਦਤ ਜਾਣਕਾਰੀ ਪ੍ਰਸਤੁਤ ਕਰਨੀ ਬਿਲਕੁਲ ਗ਼ਲਤ ਵਰਤਾਰਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਜੇਕਰ ਕੋਈ ਫਿਲਮਸਾਜ਼ ਆਪਣੀ ਫਿਲਮ ਵਿਚ ਸਿੱਖੀ ਨਾਲ ਸਬੰਧਤ ਜਾਣਕਾਰੀ ਦੇਣਾ ਚਾਹੁੰਦਾ ਹੈ ਜਾਂ ਕੋਈ ਦ੍ਰਿਸ਼ ਫਿਲਮਾਉਣਾ ਚਾਹੁੰਦਾ ਹੈ ਤਾਂ ਇਸ ਬਾਰੇ ਫਿਲਮ ਬਣਾਉਣ ਤੋਂ ਪਹਿਲਾਂ ਆਪਣੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਪਾਸ ਭੇਜੀ ਜਾਵੇ ਅਤੇ ਇਤਰਾਜ਼ ਨਾ ਹੋਣ ਦੀ ਸੂਰਤ ਵਿਚ ਹੀ ਉਸ ਨੂੰ ਫਿਲਮ ਦਾ ਹਿੱਸਾ ਬਣਾਇਆ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਲਈ ਫਿਲਮ ਜਗਤ ਨਾਲ ਜੁੜੇ ਲੋਕ ਆਪਣੀ ਨੈਤਿਕ ਜ਼ਿੰਮੇਵਾਰ ਦਾ ਅਹਿਸਾਸ ਕਰਨ ਅਤੇ ਧਾਰਮਿਕ ਸਰੋਕਾਰਾਂ ਦੀ ਕਦਰ ਕਰਦਿਆਂ ਸੁਹਿਰਦ ਪਹੁੰਚ ਅਪਣਾਉਣ।