ਸ਼ਹੀਦੀ ਯਾਦਗਾਰ ਦੀ ਪੁਰਾਣੀ ਤਸਵੀਰ

ਸਿਆਸੀ ਖਬਰਾਂ

ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਗੈਲਰੀ ਦੀ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ

By ਸਿੱਖ ਸਿਆਸਤ ਬਿਊਰੋ

June 17, 2017

ਅੰਮ੍ਰਿਤਸਰ: ਜੂਨ 1984 ‘ਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਜੁਝਾਰੂ ਸਿੰਘਾਂ ਅਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣਾਈ ਗਈ ਸ਼ਹੀਦੀ ਯਾਦਗਾਰ ਦੇ ਬੇਸਮੈਂਟ ਹਾਲ ਵਿੱਚ ਸਥਾਪਤ ਹੋਣਗੀਆਂ।

ਇਸ ਸਬੰਧੀ ਫ਼ੈਸਲਾ 14 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕੀਤਾ ਗਿਆ। ਫੌਜੀ ਹਮਲੇ ਦੀ ਯਾਦਗਾਰ 2012 ਵਿੱਚ ਅਕਾਲ ਤਖਤ ਸਾਹਿਬ ਨੇੜੇ ਗੁਰਦੁਆਰੇ ਦੇ ਰੂਪ ਵਿੱਚ ਸਥਾਪਤ ਕੀਤੀ ਗਈ ਸੀ। ਇਸ ਇਮਾਰਤ ਦਾ ਬੇਸਮੈਂਟ ਹਾਲ ਉਸ ਵੇਲੇ ਤੋਂ ਹੀ ਖਾਲੀ ਹੈ, ਜਿਸ ਨੂੰ ਹੁਣ ਸ਼ਹੀਦ ਗੈਲਰੀ ਵਜੋਂ ਵਰਤਿਆ ਜਾਵੇਗਾ। ਇਸ ਹਾਲ ਦਾ ਰਕਬਾ ਲਗਭਗ 500 ਵਰਗ ਗਜ਼ ਤੋਂ ਵੱਧ ਹੈ, ਜਿਸ ਵਿੱਚ ਇਹ ਸ਼ਹੀਦ ਗੈਲਰੀ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਸਥਾਪਤ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪ੍ਰਸਤਾਵਿਤ ਗੈਲਰੀ ਦੇ ਇੱਕ ਭਾਗ ਵਿੱਚ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਜੁਝਾਰੂਆਂ ਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਸ਼ਾਮਲ ਹੋਣਗੀਆਂ ਅਤੇ ਦੂਜੇ ਭਾਗ ਵਿੱਚ ਸਕਰੀਨ ਰਾਹੀਂ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੇ ਇਤਿਹਾਸ ਅਤੇ ਇਸਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗੀ। ਤੀਜੇ ਭਾਗ ਵਿੱਚ ਉਸ ਵੇਲੇ ਦੀਆਂ ਯਾਦਾਂ ਨੂੰ ਸੰਭਾਲਿਆ ਜਾਵੇਗਾ, ਜਿਨ੍ਹਾਂ ਵਿਚ ਗੋਲੀਆਂ ਦੇ ਨਿਸ਼ਾਨ ਨਾਲ ਪ੍ਰਭਾਵਿਤ ਵਸਤਾਂ ਆਦਿ ਸ਼ਾਮਲ ਹਨ।

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਗੈਲਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸ਼ਹੀਦੀ ਯਾਦਗਾਰ ਦੀ ਉਸਾਰੀ ਦੀ ਕਾਰ ਸੇਵਾ ਵੀ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੀ ਅਤੇ ਗੈਲਰੀ ਦੀ ਸੇਵਾ ਵੀ ਉਨ੍ਹਾਂ ਨੂੰ ਸੌਂਪੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਜੂਨ 1984 ਦੇ ਫੌਜੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਅਧਿਕਾਰਤ ਗਿਣਤੀ ਬਾਰੇ ਪਤਾ ਲਾਇਆ ਜਾਵੇਗਾ।

ਸਬੰਧਤ ਖ਼ਬਰ: ਜੂਨ ‘੮੪ ਦੇ ਸ਼ਹੀਦਾਂ ਦੀਆਂ ਤਸਵੀਰਾਂ ਸ਼ਹੀਦੀ ਯਾਦਗਾਰ ਦੇ ਹੇਠਾਂ ਗੈਲਰੀ ਵਿਚ ਸਥਾਪਿਤ ਕੀਤੀਆਂ ਜਾਣਗੀਆਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: