ਅੰਮ੍ਰਿਤਸਰ (23 ਅਕਤੂਬਰ, 2015); ਸਿਆਸੀ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖਤ ਸਾਹਿਬਾਨ ਦੇ ਜੱਥੇਦਾਰਾਂ ਵੱਲੋਂ ਸਰਸੇ ਦੇ ਸਿੱਖ ਵਿਰੋਧੀ ਬਦਨਾਮ ਸੌਧਾ ਸਾਧ ਨੂੰ ਮਾਫੀ ਦੇਣ ਦੇ ਮਾਮਲੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਕਾਰਣ ਪੰਜਾਬ ਦੀ ਸੱਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਕਾਬਜ਼ ਬਾਦਲ ਖਿਲਾਫ ਸਿੱਖ ਕੌਮ ਵਿੱਚ ਰੋਹ ਆਏ ਦਿਨ ਵੱਧਦਾ ਜਾ ਰਿਹਾ ਹੈ।
ਇਨ੍ਹਾਂ ਘਟਨਾਵਾਂ ਦੇ ਰੋਸ ਵਜੋਂ ਜਿੱਥੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਬਾਦਲ ਦਲ ਦੇ ਅਹੁਦੇਦਾਰਾਂ ਵੱਲੋਂ ਅਸਤੀਫੇ ਦਿੱਤੇ ਜਾ ਗਏ ਹਨ, ਉੱਥੇ ਹੁਣ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵਰਗ ਅੰਦਰ ਵੀ ਰੋਹ ਅਤੇ ਰੋਸ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ।
ਅੱਜ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਕੱੜ ਨੂੰ ਇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਸ਼੍ਰੋਮਣੀ ਕਮੇਟੀ ਮੁਲਾਜ਼ਮ ਰਮਨਦੀਪ ਸਿੰਘ ਜੋ ਡਾਟਾ ਐਂਟਰੀ ਅਪਰੇਟਰ ਵਜੋਂ ਕੰਮ ਕਰ ਰਿਹਾ ਸੀ, ਨੇ ਆਪਣਾ ਅਸਤੀਫ਼ਾ ਪ੍ਰਧਾਨ ਵੱਲ ਵਗਾਹ ਮਾਰਿਅਾ ਤੇ ਨਾਅਰੇਬਾਜ਼ੀ ਕੀਤੀ।
ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਦੱਸਿਆ ਹੈ ਕਿ ਜੇਕਰ ਪੰਜ ਪਿਆਰਿਆਂ ਦੀ ਮੁਅੱਤਲੀ ਰੱਦ ਨਾ ਕੀਤੀ ਤਾਂ ਸਮੂਹ ਕਰਮਚਾਰੀ ਸਵੈਇੱਛਾ ਨਾਲ ਅਸਤੀਫ਼ੇ ਦੇ ਦੇਣਗੇ। ਜੇ ਅਜਿਹਾ ਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਲਈ ਧਰਮ ਸੰਕਟ ਪੈਦਾ ਹੋ ਜਾਵੇਗਾ, ਜਿਸ ਨਾਲ ਗੁਰਦੁਆਰਿਆਂ ਵਿੱਚ ਧਾਰਮਿਕ ਗਤੀਵਿਧੀਆਂ ਰੁਕ ਜਾਣਗੀਆਂ।
ਅੱਜ ਜਥੇਦਾਰ ਅਵਤਾਰ ਸਿੰਘ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਉਨ੍ਹਾਂ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਆਦੇਸ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ੳੁਹ ਮੁਅੱਤਲ ਕਰਮਚਾਰੀ ਹਨ ਅਤੇ ਉਨ੍ਹਾਂ ਨੂੰ ਅਜਿਹਾ ਫ਼ੈਸਲਾ ਕਰਨ ਦਾ ਹੱਕ ਨਹੀਂ ਹੈ ਤਾਂ ਕੋਲ ਖੜ੍ਹੇ ਸ਼੍ਰੋਮਣੀ ਕਮੇਟੀ ਕਰਮਚਾਰੀ ਰਮਨਦੀਪ ਸਿੰਘ ਨੇ ਆਪਣਾ ਅਸਤੀਫ਼ਾ ਪ੍ਰਧਾਨ ਵੱਲ ਵਗਾਹ ਮਾਰਿਅਾ। ੳੁਹ ਸ਼੍ਰੋਮਣੀ ਕਮੇਟੀ ਵਿੱਚ ਕੰਪਿਊਟਰ ਅਪਰੇਟਰ ਹੈ।
ਜ਼ਿਕਰਯੋਗ ਹੈ ਕਿ ਫਿਛਲੇ ਦਿਨੀ ਸ਼ੋਮਣੀ ਕਮੇਟੀ ਦੇ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ‘ਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਿਰੋਧ ਕੀਤਾ ਗਿਆ ਸੀ ਅਤੇ ਸਮਾਗਮ ਵਿੱਚੋਂ ਚਲੇ ਜਾਣ ਲਈ ਕਿਹਾ ਸੀ।
ਇਸੇ ਤਰਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜ ਪਿਆਰਿਆਂ ਨੇ ਤਖਤ ਸਾਹਿਬਨਾ ਦੇ ਜੱਥੇਦਾਰਾਂ ਨੂੰ ਸੌਦਾ ਸਾਧ ਮਾਫੀਨਾਮੇ ਦਾ ਸਪੱਸ਼ਟੀ ਕਰਨ ਦੇਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ। ਪਰ ਜੱਥੇਦਾਰ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਨਾਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੋਏ। ਜਿਸਤੇ ਅਗਲੇਰੀ ਕਾਰਵਾਈ ਕਰਦਿਆਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਦੀ ਕਾਰਣਕਾਰਨੀ ਨੂੰ ਹੁਕਮ ਕੀਤਾ ਕਿ ਉਹ ਜੱਥੇਦਾਰਾਂ ਦੀ ਸੇਵਾਵਾਂ ਖਤਮ ਕਰ ਦੇਵੇ।ਪ੍ਰਧਾਨ ਮੱਕੜ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਣ ਤੋਂ ਸਾਫ ਇਨਕਾਰ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਾਰਜ਼ਕਾਰਨੀ ਨਾਲ ਵਿਚਾਰ ਕੀਤੇ ਬਿਨ੍ਹਾਂ ਹੀ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਸੀ।