ਫ਼ਤਹਿਗੜ੍ਹ ਸਾਹਿਬ (26 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ 2 ਸਾਲਾਂ ਦੀ ਦੇਰੀ ਹੋਣ ਲਈ ਬਾਦਲ ਦਲ ਜਿੰਮੇਵਾਰ ਹੈ ਜਿਸਨੇ ਕਮੇਟੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਚੋਣਾਂ ਲਈ ਕੰਮ ਸੁਰੂ ਕਰਨ ਲਈ ਗ੍ਰਹਿ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ ਨਹੀਂ ਲਿਖਿਆ ਅਤੇ ਨਾ ਹੀ ਆਖਰੀ ਸਾਲਾ ਦੌਰਾਨ ਵੋਟਾਂ ਬਣਾਉਣ ਲਈ ਕੋਈ ਕਾਰਵਾਈ ਹੀ ਕੀਤੀ ਹੈ। ਕਿਉਂ ਕਿ ਇਹ ਹੋਰ ਦੋ ਸਾਲ ਲਈ ਗੁਰਧਾਮਾਂ ‘ਤੇ ਕਾਬਜ਼ ਰਹਿ ਕੇ ਸਿੱਖਾਂ ਦੇ ਚੜ੍ਹਾਵੇ ਤੇ ਪਥੰਕ ਸੰਸਥਾਵਾਂ ਦੀ ਦੁਰਵਰਤੋਂ ਕਰਨਾ ਚਾਹੁੰਦੇ ਸਨ। ‘ਜਥੇਦਾਰ’ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਵੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਧਾਮਾਂ ‘ਤੇ ਕਬਜ਼ਾ ਜਮਾਈ ਰੱਖਣ ਲਈ 17 ਸਾਲ ਚੋਣਾਂ ਨਹੀਂ ਸਨ ਹੋਣ ਦਿੱਤੀਆਂ। ਉਨ੍ਹਾਂ ਕਿਹਾ ਕਿ ਬਾਦਲ ਦਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਾਂਗਰਸ ਉਤੇ ਪੰਥਕ ਧਿਰਾਂ ਦੀ ਮਦਦ ਲਈ ਚੋਣਾਂ ‘ਚ ਦੇਰੀ ਕਰਵਾਉਣ ਦੇ ਦੋਸ਼ ਲਗਾਉਣੇ ਨਿਰਅਧਾਰ ਹਨ ਅਸਲ ਵਿੱਚ ਗੁਰਧਾਮਾਂ ਅਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਜੋ ਦੋਸ਼ ਬਾਦਲ ਦਲ ਅੱਜ ਅਪਣੇ ਵਿਰੋਧੀਆਂ ‘ਤੇ ਲਗਾ ਰਿਹਾ ਹੈ ਉਹ ਦੋਸ਼ ਅਸਲ ਵਿੱਚ ਖੁਦ ਇਨ੍ਹਾਂ ‘ਤੇ ਹੀ ਲਾਗੂ ਹੁੰਦੇ ਹਨ।ਸੌਦਾ ਸਾਧ ਵਿਰੋਧੀ ਸੰਘਰਸ਼ ਦੌਰਾਨ ਪਾਏ ਗਏ ਇਕ ਕੇਸ ਦੀ ਤਰੀਕ ਦੇ ਸਬੰਧ ਵਿੱਚ ਭਾਈ ਬਿੱਟੂ ਨੂੰ ਪੁਲਿਸ ਅੱਜ ਅੰਮ੍ਰਿਤਸਰ ਜੇਲ੍ਹ ਤੋਂ ਇੱਥੇ ਕਚਹਿਰੀਆਂ ਵਿੱਚ ਲੈ ਕੇ ਆਈ। ਉਨ੍ਹਾ ਦੇ ਵਕੀਲ ਸ: ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਅਦਾਲਤ ਨੇ ਉਨ੍ਹਾ ਦੀ ਅਗਲੀ ਪੇਸ਼ੀ 16 ਮਈ ‘ਤੇ ਰੱਖ ਦਿੱਤੀ ਹੈ। ਪੇਸ਼ੀ ਮੌਕੇ ਐਡਵੋਕੇਟ ਰਾਏ ਨੇ ਇਸ ਕੇਸ ਦੇ ਇੱਕ ਗਵਾਹ ਨੂੰ ਸਵਾਲ ਕੀਤੇ।
ਭਾਈ ਬਿੱਟੂ ਨੇ ਕਿਹਾ ਕਿ ਹਾਈ ਕੋਰਟ ਵਲੋਂ ਪ੍ਰਮਾਣਿਤ ਅਤੇ 1925 ਦੇ ਐਕਟ ਦੀ ਧਾਰਾ 49 ਵਿੱਚ ਦਰਜ਼ ਸਿੱਖ ਦੀ ਪ੍ਰੀਭਾਸ਼ਾ ਅਨੁਸਾਰ ਹੀ ਇਹ ਚੋਣਾਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਚੋਣਾਂ ਲਈ ਬਣੀਆਂ 53 ਲੱਖ ਤੋਂ ਵੱਧ ਵੋਟਾਂ ਦੀ ਪ੍ਰਮਾਣਿਕਤਾ ‘ਤੇ ਸਵਾਲ ਉਠਾਉਂਦਿਆ ਉਨ੍ਹਾਂ ਕਿਹਾ ਕਿ ਜੇ ਇਸਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਹਜ਼ਾਰਾਂ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ, ਨਿਯਮਾਂ ਦੀ ਅਣਦੇਖੀ ਕਰਕੇ ਪਤਿਤ ਸਿੱਖਾਂ ਦੀਆਂ ਬਣਾਈਆਂ ਗਈਆਂ ਵੋਟਾਂ ਸਾਹਮਣੇ ਆਉਣਗੀਆਂ।ਸ਼੍ਰੋਮਣੀ ਕਮੇਟੀ ਅਪਣੀ 5 ਸਾਲਾ ਮਿਆਦ 29 ਅਗਸਤ 2009 ਨੂੰ ਪੂਰੀ ਕਰ ਚੁੱਕੀ ਹੈ ਇਸ ਲਈ ਇਹ ਚੋਣਾਂ ਜਿੰਨੀ ਛੇਤੀ ਹੋ ਸਕੇ ਕਰਵਾਈਆਂ ਜਾਣ ਤੇ ਯਕੀਨੀ ਬਣਾਇਆ ਜਾਵੇ ਕਿ ਵੋਟਰ ਹਾਈਕੋਰਟ ਵਲੋਂ ਪ੍ਰਮਾਣਿਤ ਤੇ ਗੁਰਦੁਆਰਾ ਐਕਟ 1925 ਦੀ ਧਾਰਾ 49 ਅਨੁਸਾਰ ਸਿੱਖ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ।
ਭਾਈ ਬਿੱਟੂ ਨੇ ਪੰਥਕ ਜਥੇਬੰਦੀਆਂ ਨੂੰ ਕਾਂਗਰਸ ਦੇ ਏਜੰਟ ਦੱਸਣ ਵਾਲੇ ਬਾਦਲਕੇ ਖੁਦ ਨਿੱਜ਼ੀ ਲੋੜਾ ਦੀ ਪੂਰਤੀ ਲਈ ਇਹ ਲੋਕ ਕੇਂਦਰ ਵਿੱਚ ਕਾਂਗਰਸੀ ਲੀਡਰਾਂ ਕੋਲ ‘ਚ ਜਾ ਬੈਠਦੇ ਹਨ ਅਤੇ ਸਿੱਖਾਂ ਦੀ ਕੱਟੜ ਵਿਰੋਧੀ ਭਾਜਪਾ ਤੇ ਆਰ.ਐਸ.ਐਸ. ਨਾਲ ਮਿਲੇ ਹੋਏ ਹਨ। ਸਿੱਖ ਕੌਮ ਦੇ ਧਾਰਮਿਕ ਸਮਾਗਮਾਂ ਵਿਚ ਇਨ੍ਹਾਂ ਲੋਕਾਂ ਨੂੰ ਮੁੱਖ ਮਹਿਮਾਨ ਵਜੋਂ ਬਲਾਉਂਦੇ ਹਨ ਜੋ ਇਨ੍ਹਾਂ ਸਮਾਗਮਾਂ ਵਿਚ ਬੇਖੌਫ ਹੋ ਕੇ ਸਿੱਖ ਇਤਿਹਾਸ ਤੇ ਸਿੱਖ ਸ਼ਹੀਦਾਂ ‘ਤੇ ਸਵਾਲ ਉਠਾ ਕੇ ਸਿੱਖ ਹਿਰਦਿਆਂ ਨੂੰ ਛਲਣੀ ਕਰਦੇ ਹਨ। ਪਿਛਲੇ 70 ਸਾਲਾਂ ਤੋਂ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਇਹ ਗਰੁੱਪ ਕੋਈ ਇੱਕ ਵੀ ਪ੍ਰਾਪਤੀ ਨਹੀਂ ਗਿਣਾ ਸਕਦਾ ਜਿਸ ਤੋਂ ਸਿੱਖ ਕੌਮ ਨੂੰ ਕਿਸੇ ਤਰ੍ਹਾ ਦਾ ਲਾਭ ਪਹੁੰਚਿਆ ਹੋਵੇ। ਭਾਈ ਬਿੱਟੂ ਦੀ ਪੇਸ਼ੀ ਮੌਕੇ ਉਨ੍ਹਾਂ ਨਾਲ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਪ੍ਰਮਿੰਦਰ ਸਿੰਘ ਕਾਲਾ, ਕਿਹਰ ਸਿੰਘ ਮਾਰਵਾ, ਮਿਹਰ ਸਿੰਘ ਬਸੀ, ਹਰਪਾਲ ਸਿੰਘ ਸ਼ਹੀਦਗੜ੍ਹ, ਭਗਵੰਤ ਸਿੰਘ ਮਹੱਦੀਆਂ, ਅੰਮ੍ਰਿਤਪਾਲ ਸਿੰਘ ਡਡਹੇੜੀ, ਬਲਵੀਰ ਸਿੰਘ ਕੋਟਲਾ, ਕਰਨੈਲ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ ਸ਼ਾਹੀ, ਸੰਦੀਪ ਸਿੰਘ ਬੱਤਾ ਆਦਿ ਵੀ ਹਾਜ਼ਰ ਸਨ।