Site icon Sikh Siyasat News

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪਤਿੱਤਾਂ ਦੀਆਂ ਵੋਟਾਂ ਨਹੀਂ ਪੈਣ ਦਿਆਂਗੇ-ਖਾਲਸਾ ਐਕਸ਼ਨ ਕਮੇਟੀ

ਜਲੰਧਰ (17 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ‘ਅਜੀਤ’ ਵਿੱਚ 18 ਜਨਵਰੀ, 2010 ਨੂੰ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ ਖਾਲਸਾ ਐਕਸ਼ਨ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਇਹ ਗੱਲ ਯਕੀਨੀ ਬਣਾਏਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਕੋਈ ਵੀ ਪਤਿੱਤ ਵੋਟ ਨਾ ਪਾ ਸਕੇ। ਇਹ ਐਲਾਨ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਭਾਈ ਮੋਹਕਮ ਸਿੰਘ ਨੇ ਇੱਥੇ ਜਾਰੀ ਇਕ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਖਾਲਸਾ ਐਕਸ਼ਨ ਕਮੇਟੀ ਅਤੇ ਪੰਥਕ ਜਥੇਬੰਦੀਆਂ ਦਾ ਇਕ ਉੱਚ ਪੱਧਰੀ ਵਫ਼ਦ ਛੇਤੀ ਹੀ ਇਸ ਸੰਬੰਧ ਵਿਚ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਕੇ ਇਕ ਸੁਝਾਅ ਰੂਪੀ ਮੰਗ-ਪੱਤਰ ਦੇਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਹਰ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਿਤਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਪਰ ਇਸ ਵਾਰ ਦੇਸ਼ ਵਿਦੇਸ਼ ਦੇ ਸਿੱਖ ਸ: ਬਾਦਲ ਨੂੰ ਧਾਰਮਿਕ ਪਿੜ ਵਿਚੋਂ ਖਦੇੜਨ ਲਈ ਕਮਰਕੱਸੇ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਏਗੀ ਕਿ ਕੇਵਲ ਸਾਬਤ ਸੂਰਤ ਸਿੱਖ ਪੁਰਸ਼ਾਂ ਅਤੇ ਬੀਬੀਆਂ ਜਿਹੜੇ ਸਿੰਘ ਅਤੇ ਕੌਰ ਆਪਣੇ ਨਾਂਅ ਨਾਲ ਲਾਉਂਦੇ ਹੋਣ, ਦੇ ਹੀ ਵੋਟਰ ਕਾਰਡ ਬਣਾਏ ਜਾਣ ਅਤੇ ਚੋਣ ਕਮਿਸ਼ਨ ਇਹ ਵੀ ਸੁਨਿਸਚਿਤ ਕਰੇ ਕਿ ਕੇਵਲ ਇਸ ਤਰ੍ਹਾਂ ਬਣੇ ਵੋਟਰ ਕਾਰਡਾਂ ਦੇ ਆਧਾਰ ’ਤੇ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version