ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਵਿਸ਼ਵ ਵਿਆਪੀ ਪ੍ਰਭੂਸੱਤਾ
1708 ਵਿਚ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ’ ਕਹਿ ਕੇ ਦੁਨੀਆਂ ਵਿਚਲੇ ਸਾਰੇ ਸਮਾਜੀ ਤੇ ਸਿਆਸੀ ਪ੍ਰਬੰਧਾਂ ਦਾ ਮੁੱਢ ਬੰਨ ਦਿੱਤਾ ਸੀ ਤੇ ਇਸ ਪਿੱਛੋਂ ਖ਼ਾਲਸਾ ਪੰਥ ਨੇ ਸਬਦ ਗੁਰੂ ਦੀ ਤਾਬਿਆ ਵਿਚ ਰਹਿ ਕੇ ਇਹਨਾਂ ਬ੍ਰਹਿਮੰਡੀ ਸਿਧਾਤਾਂ ਨੂੰ ਬਚਾਉਂਣ ਲਈ ਸ਼ਹਾਦਤਾਂ ਦਿੱਤੀਆਂ ਅਤੇ ਅੱਜ ਜਦੋਂ ਦੁਨੀਆਂ 21ਵੀਂ ਸਦੀ ਦਾ ਇਕ ਦਹਾਕਾ ਪੂਰਾ ਕਰ ਚੁੱਕੀ ਹੈ ਤਾਂ ਮਨੁੱਖਤਾ ਦੀ ਹੋਂਦ ਦੀ ਅਰੰਭਤਾ, ਵਰਤਮਾਨ ਤੇ ਭਵਿੱਖ ਸਬੰਧੀ ਇਕ ਡੂੰਘਾ ਵਿਸ਼ਲੇਸ਼ਣ ਦੁਨੀਆਂ ਵਿਚ ਚੱਲ ਰਿਹਾ ਹੈ। ਮਨੁੱਖ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਮਨੁੱਖੀ ਮਨ ਵਿਚ ਹੀ ਪਈ ਹੈ ਪਰ ਅੱਜ ਦਾ ਮਨੁੱਖ ਬਾਹਰਮੁਖੀ ਜੀਵਨ ਬਤੀਤ ਕਰ ਰਿਹਾ ਹੈ ਜੋ ਕਿ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਮੂਲ ਹੈ।
ਦੁਨੀਆਂ ਦੇ ਵੱਖ-ਵੱਖ ਮਤਾਂ ਦਾ ਅਧਿਐਨ ਕਰਨ ਵਾਲੇ ਮਹਾਨ ਵਿਦਵਾਨਾਂ ਨੇ ਸੰਸਾਰ ਸ਼ਾਂਤੀ ਲਈ ਇਕ ਹੀ ਰਾਹ ਦਰਸਾਇਆ ਹੈ ਕਿ ਜਦੋਂ ਮਨੁੱਖ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ ਦਰਸਾਏ ਮਾਰਗ ਮੁਤਾਬਕ ਆਪਣਾ ਜੀਵਚ ਬਤੀਤ ਕਰਨ ਲੱਗ ਪਵੇਗਾ ਤਾਂ ਉਸਦੀਆਂ ਮਾਨਸਿਕ ਤੇ ਸਰੀਰਿਕ ਸਮੱਸਿਆਵਾਂ ਸਹਿਜ ਰੂਪ ਵਿਚ ਬਦਲ ਜਾਣਗੀਆਂ।
ਸਿੱਖ ਪੰਥ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਿੱਖਾਂ ਕੋਲ ਦੁਨੀਆਂ ਨੂੰ ਸਹੀ ਮਾਰਗ ਦਰਸ਼ਨ ਕਰਨ ਵਾਲੇ ਸਿਧਾਂਤ ਵਿਰਸੇ ਵਿਚ ਮਿਲੇ ਹਨ ਪਰ ਅੱਜ ਸਥਿਤੀ ਹੋਰ ਦੀ ਹੋਰ ਬਣੀ ਪਈ ਹੈ। ਜਦ ਕਿ ਦੁਨੀਆਂ ਦੇ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੇ ਵੱਲ ਦੇਖ ਰਹੇ ਹਨ ਤਾਂ ਅਸੀਂ ਉਸ ਸਮੇਂ ਉਹਨਾਂ ਕੁਰੀਤੀਆਂ ਵਿਚ ਫਸੇ ਬੈਠੇ ਹਾਂ ਜਿਹਨਾਂ ਵਿਚੋਂ ਨਿਕਲ ਕੇ ਹੀ ਸਿੱਖੀ ਦੀ ਵਿਸ਼ਵ ਵਿਆਪੀ ਸੋਚ ਦੇ ਧਾਰਨੀ ਬਣਿਆ ਜਾ ਸਕਦਾ ਹੈ।
ਸਿੱਖ ਪੰਥ ਵਲੋਂ ਲਾ-ਮਿਸਾਲ ਕੁਰਬਾਨੀਆਂ ਦੇ ਕੇ ਬਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦਾ ਘੇਰਾ 1925 ਤੋਂ ਬਾਅਦ ਵਿਸ਼ਾਲ ਹੋਣਾ ਚਾਹੀਦਾ ਸੀ, ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਨਾ ਤਾਂ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਤਾਂ ਨੂੰ ਦੁਨੀਆਂ ਵਿਚ ਪ੍ਰਚਾਰਿਆ-ਪ੍ਰਸਾਰਿਆ ਜਾ ਸਕਿਆ ਤੇ ਨਾ ਹੀ ਗੁਰੂ ਪੰਥ ਦੀ ਵਿੱਲਖਣ ਤੇ ਨਿਆਰੀ ਹੋਂਦ ਨੂੰ ਕੌਮਾਂਤਰੀ ਮਨੁੱਖੀ ਭਾਈਚਾਰੇ ਸਾਹਮਣੇ ਉਜਾਗਰ ਕੀਤਾ ਜਾ ਸਕਿਆ।
ਸੋ ਆਓ! ਸਭ ਮਿਲ ਕੇ ਗੁਰੂ ਗੰ੍ਰਥ ਸਾਹਿਬ ਜੀ ਤੇ ਗੁਰੂ ਪੰਥ ਦੀ ਵਿਸ਼ਵ-ਵਿਆਪੀ ਪ੍ਰਭੂਸੱਤਾ ਨੂੰ ਦੁਨੀਆਂ ਵਿਚ ਲਾਗੂ ਕਰਨ ਲਈ ਧੜੇਬੰਦੀਆਂ ਤੋਂ ਉਪਰ ਉੱਠ ਕੇ ਗੁਰਮਤਿ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾ ਕੇ ਸ਼੍ਰੋਮਣੀ ਕਮੇਟੀ ਵਿਚ ਭੇਜੀਏ ਤਾਂ ਜੋ ਦੁਨੀਆਂ ਵਿਚ ਗੁਰੂ ਗੰ੍ਰਥ ਸਾਹਿਬ ਜੀ ਦੀ ਪ੍ਰਭੂਸੱਤਾ ਕਾਇਮ ਕੀਤੀ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਤੇ ਸ਼੍ਰੋਮਣੀ ਕਮੇਟੀ ਚੋਣਾਂ
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪੰਚ ਪਰਵਾਨ ਪੰਚ ਪਰਧਾਨ ਦੇ ਸਿਧਾਂਤ ਅਧੀਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਚਲਣ ਵਾਲੀ ਪੰਥਕ ਜਥੇਬੰਦੀ ਹੈ ਜਿਸਦੇ ਸੇਵਾਦਾਰਾਂ ਨੇ ਪੰਥ ਅੱਵਲ ਰੱਖਦਿਆਂ ਆਪਣੀਆਂ ਜਿੰਦਗੀਆਂ ਦਾ ਲੰਮਾ ਸਮਾਂ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕਰਦਿਆ ਗੁਜ਼ਾਰਿਆ ਹੈ ਅਤੇ ਅੱਜ ਵੀ ਉਹ ਸੰਘਰਸ਼ ਜਾਰੀ ਹੈ।ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਦਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਤੇ ਗੁਰਮਤਿ ਰਵਾਇਤ ਮੁਤਾਬਕ ਜਾਰੀ ਹੋਏ ਹੁਕਮਨਾਮਿਆਂ ਨੂੰ ਲਾਗੂ ਕਰਨ ਲਈ ਅਸੀਂ ਪਹਿਲਾਂ, ਹੁਣ ਤੇ ਅਗਾਂਹ ਸਦਾ ਹੀ ਵਚਨਬੱਧ ਰਹਾਂਗੇ।
ਜਿਵੇਂ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਹਧਾਰੀ ਦੰਭੀਆਂ, ਪਖੰਡੀਆਂ ਵਲੋਂ ਸਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਂਣ ਤੇ ਸਿੱਖਾਂ ਨੂੰ ਸਿੱਧਾ ਚੈਲੰਜ ਕਰਨ ਦੇ ਉਦੇਸ਼ਾਂ ਨਾਲ ਪੰਜਾਬ ਤੇ ਪੰਜਾਬ ਤੋਂ ਬਾਹਰ ਸਿੱਖ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ ਜਿਹਨਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਨੇ ਬਣਦਾ ਸੁਹਿਰਦ ਯੋਗਦਾਨ ਪਾਇਆ ਹੈ ਇਸ ਵਾਸਤੇ ਸਾਡੇ ਕਾਰਕੁੰਨਾਂ ਤੇ ਅਹੁਦੇਦਾਰਾਂ ਨੂੰ ਸਰੀਰਿਕ ਤੇ ਮਾਨਸਿਕ ਪੁਲਿਸ ਤਸ਼ੱਦਦ ਵੀ ਝੱਲਣਾ ਪਿਆ ਤੇ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਸਰਕਾਰ ਵਲੋਂ ਅਗਸਤ 2009 ਤੋਂ ਲਗਾਤਾਰ ਝੂਠੇ ਕੇਸਾਂ ਵਿਚ ਫਸਾ ਕੇ ਜੇਲ਼੍ਹ ਵਿਚ ਰੱਖਿਆ ਹੋਇਆ ਹੈ। ਭਾਈ ਦਲਜੀਤ ਸਿੰਘ ਜੀ ਨੇ ਪਹਿਲਾਂ ਵੀ ਪੰਥ ਦੀ ਚੜ੍ਹਦੀ ਕਲਾ ਲਈ ਕਰੀਬ 10 ਸਾਲ ਰੂਪੋਸ਼ੀ ਦਾ ਜੀਵਨ ਤੇ 10 ਸਾਲ ਜੇਲ਼੍ਹ ਦਾ ਜੀਵਨ ਬਤੀਤ ਕੀਤਾ ਸੀ ਪਰ ਸਰਕਾਰ ਉਹਨਾਂ ਦੇ ਪੰਥਕ ਜਜਬਿਆਂ ਨੂੰ ਠੱਲ ਨਹੀਂ ਸਕੀ।
ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਦੇ ਸਮੇਂ ਵਿਚ ਗੁਰੂ ਗੰ੍ਰਥ ਸਾਹਿਬ ਜੀ ਦਾ ਅਦਬ, ਸਿਧਾਤਾਂ ਦਾ ਪ੍ਰਚਾਰ-ਪ੍ਰਸਾਰ ਤੇ ਗੁਰੁ-ਪੰਥ ਦੀ ਵਿਲੱਖਣ ਹੋਂਦ ਹਸਤੀ ਨੂੰ ਕਾਇਮ ਰੱਖਣਾ ਸਭ ਤੋਂ ਵੱਧ ਜਰੂਰੀ ਹੈ ਤਾਂ ਜੋ ਆਪਾਂ ਗੁਰੂ ਜੀ ਦੇ ਸੱਚੇ ਸਿੱਖ ਹੋਣ ਦਾ ਦਾਅਵਾ ਕਰ ਸਕੀਏ।
ਲੰਮੀ ਸੋਚ ਵਿਚਾਰ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਇਸ ਸਿੱਟੇ ‘ਤੇ ਪੁੱਜਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਨਕਲਾਬੀ ਸੁਧਾਰ ਲਿਆਉਂਣ ਦੀ ਫੌਰੀ ਲੋੜ ਹੈ। ਇਹ ਠੀਕ ਹੈ ਕਿ ਸਾਡੇ ਕੋਲ ਸਾਧਨਾਂ ਦੀ ਕਮੀ ਹੈ ਅਤੇ ਅਸੀਂ ਵਰਤਮਾਨ ਹਾਲਤਾਂ ਵਿਚ ਖ਼ਾਲਸਾ ਪੰਥ ਦੀਆਂ ਵਿਸ਼ਾਲ ਸਫਾਂ ਤੱਕ ਪਹੁੰਚ ਨਹੀਂ ਕਰ ਸਕਦੇ ਪਰ ਅਸੀਂ ਉਸ ਇਤਿਹਾਸਕ ਦੌਰ ਦਾ ਹਿੱਸਾ ਹਾਂ ਜਿਸ ਵਿਚ ਹਜਾਰਾਂ ਸਿੱਖਾਂ ਨੇ ਪੰਥ ਦੀ ਆਜ਼ਾਦੀ, ਇੱਜ਼ਤ ਤੇ ਅਣਖ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਹਨ ਇਸ ਲਈ ਉਹਨਾਂ ਕੁਰਬਾਨੀਆਂ ਦਾ ਅਸੀਂ ਇਕ ਉੱਚ ਪੱਧਰੀ ਧਾਰਮਕ, ਸਮਾਜਕ, ਸਿਆਸੀ, ਸੱਭਿਆਚਾਰਕ, ਆਰਥਿਕ ਤੇ ਕਲਾਤਮਕ ਰੂਪ ਸਿਰਜਣ ਦੀ ਰੀਝ ਰੱਖਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਰੀਝਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਜਰੀਆਵਾਂ ਵਿਚੋਂ ਇਕ ਅਹਿਮ ਜਰੀਆ ਹੈ।
ਭਾਵੇਂ ਇਹਨਾਂ ਚੋਣਾਂ ਵਿਚ ਸਾਡੀ ਪਾਰਟੀ ਦੇ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਜੇਕਰ ਤੁਸੀਂ ਸਾਨੂੰ ਕਾਮਯਾਬੀ ਬਖ਼ਸ਼ਦੇ ਹੋ ਤਾਂ ਅਸੀਂ ਥੋੜ੍ਹੇ ਜਿਹੇ ਨੁੰਮਾਇੰਦੇ ਵੀ ਸ਼੍ਰੋਮਣੀ ਕਮੇਟੀ ਅੰਦਰ ਇਕ ਇਹੋ ਜਿਹਾ ਮਾਹੌਲ ਸਿਰਜ ਦੇਵਾਂਗੇ ਜਿਸ ਨਾਲ ਹਰੇਕ ਮੈਂਬਰ ਆਪਣੇ ਧੜੇ ਦੀ ਵਫਾਦਾਰੀ ਛੱਡ ਕੇ ਸਮੁੱਚੇ ਤੌਰ ‘ਤੇ ਗੁਰੂ ਗੰ੍ਰਥ ਸਾਹਿਬ ਜੀ ਤੇ ਗੁਰੂ-ਪੰਥ ਨੂੰ ਸਮਰਪਿਤ ਹੋਵੇਗਾ।
ਖ਼ਾਲਸਾ ਜੀ, ਮੌਜੂਦਾ ਦੌਰ ਵਿਚ ਜਦੋਂ ਮਾਇਆ ਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਖੇਤਰਾਂ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਤੇ ਵੋਟਰਾਂ ਨੂੰ ਕਈ ਢੰਗ-ਤਰੀਕਿਆਂ ਨਾਲ ਸਹਿਜੇ ਹੀ ਖਰੀਦਿਆ ਜਾ ਸਕਦਾ ਹੈ, ਤਾਂ ਅਜਿਹੀ ਹਾਲਤ ਵਿਚ ਵੀ ਅਸੀਂ ਸਮਝਦੇ ਹਾਂ ਕਿ ਖ਼ਾਲਸਾ ਪੰਥ ਦੀ ਸਮੂਹਿਕ ਮਾਨਸਿਕਤਾ ਤੇ ਚੇਤੰਨਤਾ ਦੇ ਕੁਝ ਜ਼ਰਖ਼ੇਜ਼ ਤੇ ਹਰੇ ਕਚੂਰ ਹਿੱਸੇ ਅਜੇ ਵੀ ਬਚੇ ਹੋਏ ਹਨ, ਜੋ ਮਾਇਆ ਤੋਂ ਨਿਰਲੇਪ ਹਨ ਤੇ ਗੁਰੂ-ਘਰਾਂ ਦਾ ਪ੍ਰਬੰਧ ਯੋਗ ਹੱਥਾਂ ਵਿਚ ਦੇਣ ਲਈ ਚਿੰਤਤ ਹਨ, ਅਸਲ ਵਿਚ ਉਹ ਹੀ ਸਾਡੇ ਸੰਗੀ-ਸਾਥੀ ਤੇ ਵੋਟਰ ਹਨ।ਇਹ ਹਰਿਓ ਬੂਟ ਹੀ ਸਾਨੂੰ ਪੰਥ ਦੀਆਂ ਰੀਝਾਂ ਨੂੰ ਸਾਕਾਰ ਕਰਨ ਲਈ ਅੱਗੇ ਵੱਧਣ ਦਾ ਹੌਂਸਲਾ ਦਿੰਦੇ ਹਨ।
ਬੇਨਤੀ ਕਰਤਾ:
ਐਡਵੋਕੇਟ ਜਸਪਾਲ ਸਿੰਘ ਮੰਝਪੁਰ