ਖਾਸ ਖਬਰਾਂ

ਪੰਚ ਪ੍ਰਧਾਨੀ ਨੇ ਖੋਲ੍ਹਿਆ ਸ਼੍ਰੋਮਣੀ ਕਮੇਟੀ ਦੇ ਚਹੇਤੇ ਅਮਰੀਕ ਸਿੰਘ ਕਾਰ ਸੇਵਾ ਵਾਲੇ ਦਾ ਕੱਚਾ ਚਿੱਠਾ

By ਪਰਦੀਪ ਸਿੰਘ

July 28, 2011

ਜਥੇਦਾਰ ਅਕਾਲ ਤਖ਼ਤ ਨੂੰ ਹੋਵੇਗੀ ਸ਼ਿਕਾਇਤ

ਫ਼ਤਿਹਗੜ੍ਹ ਸਾਹਿਬ, (28 ਜੁਲਾਈ , 2011) : ਬਾਬਾ ਅਮਰੀਕ ਸਿੰਘ, ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਤਿਹਗੜ੍ਹ ਸਾਹਿਬ ਸਥਿਤ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਕਾਰ ਸੇਵਾ ਸੌਂਪੀ ਹੈ, ਦਾ ਕੱਚਾ ਚਿੱਠਾ ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਖੋਲ੍ਹ ਦਿੱਤਾ ਹੈ। ਇਸ ‘ਦਾਗ਼ੀ’ ਵਿਅਕਤੀ ਨੂੰ ਅਹਿਮ ਪੰਥਕ ਪ੍ਰਾਜੈਕਟਾਂ ਵਿੱਚ ਲਏ ਜਾਣ ’ਤੇ ਪੰਚ ਪ੍ਰਧਾਨੀ ਸ਼੍ਰੋਮਣੀ ਕਮੇਟੀ ਦੀ ਇਸ ਗੈਰ ਜਿੰਮੇਦਾਰ ਕਾਰਗੁਜ਼ਾਰੀ ਦੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਕਰੇਗੀ। ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਜ਼ਹਾਜ਼ ਹਵੇਲੀ ਦੀ ‘ਸੇਵਾ’ ਅਮਰੀਕ ਸਿੰਘ ਨੂੰ ਸੌਂਪ ਕੇ ਸ਼੍ਰੋਮਣੀ ਕਮੇਟੀ ਨੇ ਉਸਨੂੰ ਸੰਗਤਾਂ ਦੀ ਲੁੱਟ ਕਰਨ ਦੇ ਅਧਿਕਾਰ ਸੌਂਪ ਦਿੱਤੇ ਹਨ। ਉਨ੍ਹਾ ਕਿਹਾ ਕਿ ਇਹ ਵਿਅਕਤੀ ਪਹਿਲਾਂ ਹੀ ਕਈ ਗਬਨਾਂ ਅਤੇ ਘਪਲਿਆਂ ਵਿੱਚ ਸ਼ਾਮਿਲ ਰਿਹਾ ਹੈ ਜਿਸ ਸਬੰਧ ਵਿੱਚ ਇਸ ’ਤੇ ਕੇਸ ਵੀ ਦਰਜ ਹਨ। ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰ ਇਸ ਗੱਲ ਤੋਂ ਅੰਨਜਾਣ ਨਹੀਂ ਹਨ। ਇੰਨਾ ਹੀ ਨਹੀਂ ਸ੍ਰੋਮਣੀ ਕਮੇਟੀ ਦੇ ਕੁਝ ਘਪਲਿਆਂ ਵਿੱਚ ਵੀ ਇਸ ਵਿਅਕਤੀ ਦਾ ਨਾਂ ਜੁੜਦਾ ਰਿਹਾ ਹੈ। ਇਸਦੇ ਬਾਵਯੂਦ ਵੀ ਇਸ ਵਿਅਕਤੀ ਨੂੰ ਸਿੱਖ ਵਿਰਾਸਤ ਨਾਲ ਸਬੰਧਿਤ ਇਕ ਅਹਿਮ ਪ੍ਰਾਜੈਕਟ ਦੀ ਜਿੰਮੇਵਾਰੀ ਸੌਂਪਣੀ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਦੀ ਅਨੈਤਿਕਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਸਾਂਭ-ਸਭਾਲ ਦਾ ਬੀੜਾ ਸ਼੍ਰੌਮਣੀ ਕਮੇਟੀ ਨੇ ਬਹੁਤ ਦੇਰੀ ਨਾਲ ਚੁਕਿਆ ਹੈ ਪਰ ਇਸਦੀ ਜਿੰਮੇਵਾਰੀ ਕਿਸੇ ਸੁਹਿਰਦ ਵਿਅਕਤੀ ਨੂੰ ਸੌਂਪੀ ਜਾਣੀ ਚਾਹੀਦੀ ਹੈ ਜੋ ਇਸ ਜਿੰਮੇਵਾਰੀ ਨੂੰ ਪ੍ਰੋਫ਼ੈਸਨਲ ਢੰਗ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਯੋਗ ਹੋਵੇ ਪਰ ਅਮਰੀਕ ਸਿੰਘ ਦਾ ਪਿਛੋਕੜ ਇਨ੍ਹਾਂ ਗੁਣਾਂ ਤੋਂ ਸੱਖਣਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨਾਲ ਇਹ ਵਿਅਕਤੀ 17 ਸਾਲ ਦੀ ਉਮਰ ਤੋਂ ਰਹਿ ਰਿਹਾ ਸੀ ਜਿਸ ’ਤੇ ਵਿਸ਼ਵਾਸ ਕਰਕੇ ਜਗਤਾਰ ਸਿੰਘ ਨੇ ਇਸ ਵਿਅਕਤੀ ਨੂੰ ਮੁਖਤਿਆਰਨਾਮਾ ਦੇ ਦਿੱਤਾ ਜਿਸ ਤੋਂ ਬਾਅਦ ਇਸ ਵਿਅਕਤੀ ਨੇ ਦੇਸ਼-ਵਿਦੇਸ਼ਾਂ ਤੋਂ ਕਾਰ ਸੇਵਾ ਦੇ ਨਾਂ ਹੇਠ ਕਰੋੜਾਂ ਰੁਪਏ ਇੱਕਠੇ ਕੀਤੇ।ਉਨ੍ਹਾ ਦੱਸਿਆ ਕਿ ਥਾਣਾ ਤ੍ਰਿਪੜੀ ਵਿੱਚ ਅਮਰੀਕ ਸਿੰਘ ’ਤੇ ਐਫ. ਆਈ. ਆਰ. ਨੰਬਰ 43 ਅਤੇ ਆਈ. ਪੀ .ਸੀ. ਦੀ ਧਾਰਾ 420, 465, 467,468,470, 471 ਅਤੇ 120-ਬੀ ਹੇਠ 2 ਸਤੰਬਰ 2006 ਨੂੰ ਕੇਸ ਦਰਜ਼ ਹੋਇਆ ਹੈ। ਇਸ ਤੋਂ ਬਿਨਾਂ ਥਾਣਾ ਸਿਟੀ ਤਰਨ-ਤਾਰਨ ਵਿੱਚ ਅਮਰੀਕ ਸਿੰਘ ’ਤੇ ਮੁਕੱਦਮਾ ਨੰਬਰ 94, ਧਾਰਾ 406, 420, 465, 467 ਅਤੇ 120 (ਬੀ) ਹੇਠ 8 ਜੁਲਾਈ 2006 ਨੂੰ ਕੇਸ ਦਰਜ ਕੀਤਾ ਗਿਆ। ਥਾਣਾ ਤ੍ਰਿਪੜੀ ਵਿੱਚ ਹੀ ਅਮਰੀਕ ਸਿੰਘ ’ਤੇ 26 ਅਗਸਤ 2007 ਨੂੰ ਐਫ.ਆਈ.ਆਰ. ਨੰਬਰ 305, ਆੀ.ਪੀ.ਸੀ ਦੀ ਧਾਰਾ 418, 420, 212,213,214,ਅਤੇ 120 ਬੀ ਤਹਿ ਕੇਸ ਦਰਜ ਕੀਤਾ ਗਿਆ।ਉਕਤ ਆਗੂਆਂ ਨੇ ਦੱਸਿਆ ਕਿ ਇਸਦੇ ਨਾਲ ਹੀ ਥਾਣਾ ਸਨੌਰ ਵਿੱਚ ਵੀ ਐਫ ਆਰੀ ਆਰ ਨੰਬਰ 5, ਆਈ.ਪੀ.ਸੀ. ਦੀ ਧਾਰਾ 354, 294, 120 ਬੀ  ਤਹਿਤ ਅਮਰੀਕ ਸਿੰਘ ’ਤੇ 24 ਮਾਰਚ 2011 ਨੂੰ ਮਾਮਲਾ ਦਰਜ਼ ਹੈ।

ਉਕਤ ਆਗੂਆਂ ਨੇ ਕਿਹਾ ਕਿ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੋਨੇ ਦੀ ਪਾਲਕੀ ਨਾਲ ਕੱਢੇ ਗਏ ਨਗਰ ਕੀਰਤਨ ਦੇ ਨਾਲ ਇਹ ਵਿਅਕਤੀ ਵੀ ਗਿਆ ਸੀ। ਉੱਥੇ ਦੇ ਗੁਰਧਾਮਾਂ ਦੀ ਕਾਰ ਸੇਵਾ ਸਮੇਂ ਵੀ ਲਗਜ਼ਰੀ ਕਾਰ ਦੀ ਵਰਤੋਂ ਅਤੇ ਚਮਕ-ਦਮਕ ਭਰੇ ਜੀਵਨ-ਢੰਗ ਕਾਰਨ ਅਮਰੀਕ ਸਿੰਘ ਕਈ ਵਿਵਾਦਾਂ ਵਿੱਚ ਸ਼ਾਮਿਲ ਰਿਹਾ ਹੈ। ਉਕਤ ਆਗੂਆਂ ਕਿਹਾ ਕਿ ਦਰਬਾਰ ਸਾਹਿਬ ਵਿੱਚ ਕਾਰ ਸੇਵਾ ਦਾ ਇੰਚਾਰਜ ਵੀ ਅਮਰੀਕ ਸਿੰਘ ਰਿਹਾ ਹੈ ਉਸ ਸਮੇਂ ਦੌਰਾਨ ਗੁੰਮ ਹੋਏ ਸੋਨੇ ਦੇ ਕਹੀਆਂ ਤੇ ਤਸਲਿਆਂ ਦਾ ਅੱਜ ਤੱਕ ਕੋਈ ਭੇਦ ਨਹੀਂ ਨਿਕਲਿਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਹੀ ਇਸ ਮਾਮਲੇ ਦੀ ਭਾਫ਼ ਅੱਜ ਤੱਕ ਬਾਹਰ ਕੱਢੀ ਹੈ ਕਿ ਗੁਰੂ ਘਰ ਦਾ ਇਹ ਮਹਿੰਗਾ ਸਮਾਨ ਕਿੱਥੇ ਗਿਆ! ਪੰਥ ਦੀ ਸਤਿਕਾਰਯੋਗ ਸਖਸ਼ੀਅਤ ਬਾਬਾ ਜਗਤਾਰ ਸਿੰਘ ਵਲੋਂ ਅਮਰੀਕ ਸਿੰਘ ਨੂੰ ਅਪਣੇ ਡੇਰੇ ’ਚੋਂ ਕੱਢਣ ਮਗਰੋਂ ਸ਼੍ਰੋਮਣੀ ਕਮੇਟੀ ਵਲੋਂ ਇਸ ਦਾਗ਼ੀ ਵਿਅਕਤੀ ਨੂੰ ਸ਼ਰਨ ਦੇਣੀ ਅਤੇ ਫਿਰ ਇਸ ਨੂੰ ਸੌਂਪੇ ਗਏ ਕੰਮਾਂ ਦੌਰਾਨ ਹੋਏ ਘਪਲਿਆਂ ਨੂੰ ਦਬਾ ਕੇ ਰੱਖਣਾ ਇਸ ਦਾਗ਼ੀ ਵਿਅਕਤੀ ਅਤੇ ਸ਼੍ਰੋਮਣੀ ਕਮੇਟੀ ਦੇ ਨਿੱਘੇ ਸਬੰਧਾਂ ਨੂੰ ਦਰਸਾਉਣ ਲਈ ਕਾਫ਼ੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਮਰੀਕ ਸਿੰਘ ਨੂੰ ਜਹਾਜ਼ ਹਵੇਲੀ ਦੀ ਕਾਰ ਸੇਵਾ ਦੇਣੀ ਉਸਨੂੰ ਸੰਗਤਾਂ ਦੀ ਲੁੱਟ ਕਰਨ ਦਾ ਸਰਟੀਫ਼ਿਕੇਟ ਦੇਣ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਸ ਗੈਰ-ਜਿੰਮੇਦਾਰੀ ਭਰੀ ਕਾਰਗੁਜ਼ਾਰੀ ਦੀ ਸ਼ਿਕਾਇਤ ਅਸੀਂ ਅਕਾਲ ਤਖ਼ਤ ਸਾਹਿਬ ’ਤੇ ਕਰਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: