ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕ ਇਕੱਤਰਤਾ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਰੱਦ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਅੱਜ ਅੰਤ੍ਰਿਗ ਕਮੇਟੀ ਨੇ ਇਕ ਮਤਾ ਪਕਾ ਕੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੇ ਲੇਖੇ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਪ੍ਰਧਾਨ ਨੇ ਕਿਹਾ ਕਿ ਕਮਿਸ਼ਨ ਦਾ ਲੇਖਾ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਜਨਤਕ ਕਰਨ ਤੇ ਕਮੇਟੀ ਗਹਿਰੇ ਰੋਸ ਤੇ ਰੋਹ ਦਾ ਪ੍ਰਗਟਾਵਾ ਕਰਦੀ ਹੈ।
ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਅੰਤ੍ਰਿਗ ਕਮੇਟੀ ਵੱਲੋਂ ਮਿਤੀ 30 ਸਤੰਬਰ 2017 ਦੇ ਮਤਾ ਨੰਬਰ 1104 ਰਾਹੀਂ ‘ਕਾਂਗਰਸ ਦੇ ਕਠਪੁਤਲੀ ਕਮਿਸ਼ਨ’ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ।
ਅੱਜ ਇਸ ਤੋਂ ਪਹਿਲਾਂ ਜਦੋਂ ‘ਪੰਥਕ ਮੁੱਦਿਆਂ’ ਨੂੰ ਵਿਚਾਰਨ ਦੇ ਨਾਂ ਹੇਠ ਸ਼੍ਰੋ.ਗੁ.ਪ੍ਰ.ਕ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਨੂੰ ਰੱਦ ਕਰਨ ਦਾ ਮਾਮਲਾ ਆਇਆ ਤਾਂ ਇਸ ਕਮੇਟੀ ਵਿਚਲੇ ਇਕੋ-ਇਕ ਗੈਰ-ਬਾਦਲ ਧੜੇ ਦੇ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਕਿਹਾ ਜਦੋਂ ਅਜੇ ਜਾਂਚ ਲੇਖਾ ਪੂਰਾ ਅਤੇ ਦਫਤਰੀ ਤੌਰ ਤੇ ਜਾਰੀ ਹੀ ਨਹੀਂ ਹੋਇਆ ਤਾਂ ਇਸ ਨੂੰ ਰੱਦ ਕਰਨ ਦਾ ਮਤਾ ਪਾਉਣ ਦੀ ਕੋਈ ਤੁਕ ਨਹੀਂ ਬਣਦੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸ਼੍ਰੋ.ਗ.ਪ੍ਰ.ਕ. ਨੇ ਕਮਿਸ਼ਨ ਨੂੰ ਮਾਨਤਾ ਹੀ ਨਹੀਂ ਸੀ ਦਿੱਤੀ ਤਾਂ ਫਿਰ ਉਸਦਾ ਲੇਖਾ ਰੱਦ ਕਰਨ ਲਈ ਵੱਖਰੀ ਕਾਰਵਾਈ ਕਿਵੇਂ ਕੀਤੀ ਜਾ ਸਕਦੀ ਹੈ? ਅਮਰੀਕ ਸਿੰਘ ਸ਼ਾਹਪੁਰ ਰੋਸ ਵਜੋਂ ਇਸ ਇਕੱਤਰਤਾ ਵਿਚੋਂ ਬਾਹਰ ਆ ਗਏ। ਦੂਜੇ ਪਾਸੇ ਹਰਿਆਣੇ ਤੋਂ ਅੰਮ੍ਰਿਗ ਕਮੇਟੀ ਦੇ ਮੈਂਬਰ ਰਘੁਜੀਤ ਸਿੰਘ ਵਿਰਕ ਅੱਜ ਦੀ ਇਕੱਤਰਤਾ ਵਿਚੋਂ ਗੈਰਹਾਜ਼ਰ ਰਹੇ।
ਅੱਜ ਦੀ ਇਕੱਤਰਤਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਆਏ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਨੂੰ ਜਦੋਂ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਸ਼੍ਰੋ.ਗੁ.ਪ੍ਰ.ਕ ਨੇ ਬੇਅਦਬੀ ਮਾਮਲਿਆਂ ਬਾਰੇ ਇਹ ਲੇਖਾ ਹੁਣੇ ਕਿਉਂ ਰੱਦ ਕੀਤਾ ਹੈ; ਸ਼੍ਰੋ.ਗੁ.ਪ੍ਰ.ਕ ਇਹਨਾਂ ਮਾਮਲਿਆਂ ਵਿੱਚ ਕਿਸ ਤਰ੍ਹਾਂ ਦੀ ਜਾਂਚ ਚਾਹੁੰਦੀ ਹੈ; ਕੀ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਉਣ ਦਾ ਫੈਸਲਾ ਸਹੀ ਸੀ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਲੇਖਾ ਬਾਦਲ ਸਰਕਾਰ ਨੇ ਜਨਤਕ ਕਿਉਂ ਨਹੀਂ ਸੀ ਕੀਤਾ ਤਾਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹਰ ਸਵਾਲ ਦਾ ਜਵਾਬ ਟਾਲਦੇ ਰਹੇ ਤੇ ਅਖੀਰ ਬਿਨਾ ਕੋਈ ਤਸੱਲੀਬਖਸ਼ ਜਵਾਬ ਦਿੱਤਿਆਂ ਹੀ ਉੱਠ ਕੇ ਚਲੇ ਗਏ।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਲੇਖੇ ਵਿੱਚ ਡੇਰਾ ਸੱਚਾ ਸੌਦਾ (ਸਿਰਸਾ) ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੋ.ਗੁ.ਪ੍ਰ.ਕ ਵੱਲੋਂ ਲਾਏ ਜਥੇਦਾਰਾਂ ਕੋਲੋਂ ਮਾਫੀ ਦਿਵਾਉਣ; ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਖਿਲਾਫ ਕਾਰਵਾਈ ਨਾ ਕਰਨ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਉੱਤੇ ਪੰਜਾਬ ਪੁਲਿਸ ਵੱਲੋਂ ਗੋਲੀਬਾਰ ਕੀਤੇ ਜਾਣ, ਜਿਸ ਵਿੱਚ ਕਿ ਦੋ ਸਿੱਖ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਸਨ, ਵਿੱਚ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਉਜਾਗਰ ਕਰਨ ਦੀਆਂ ਖਬਰਾਂ ਆਉਣ ਤੋਂ ਬਾਅਦ ਸ਼੍ਰੋ.ਅ.ਦ. (ਬਾਦਲ) ਇਸ ਲੇਖੇ ਨੂੰ ਕਿਸੇ ਵੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਸ਼੍ਰੋ.ਅ.ਦ. (ਬਾਦਲ) ਦੇ ਕਬਜੇ ਵਾਲੀ ਸ਼੍ਰੋ.ਗੁ.ਪ੍ਰ.ਕ ਵੱਲੋਂ ਅੱਜ ਕੀਤੇ ਗਏ ਐਲਾਨ ਵੀ ਇਸੇ ਕੜੀ ਦਾ ਹੀ ਇੱਕ ਹਿੱਸਾ ਹਨ।