ਬਸੀ ਪਠਾਣਾਂ (8 ਸਤੰਬਰ, 2011) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਦਾ ਚੋਣ ਪ੍ਰਚਾਰ ਅੱਜ ਵਰ੍ਹਦੇ ਮੀਂਹ ਵਿੱਚ ਵੀ ਜ਼ੋਰ-ਸ਼ੋਰ ਨਾਲ ਜਾਰੀ ਰਿਹਾ ਅਤੇ ਲੋਕ ਅੱਜ ਵੀ ਹਰ ਥਾਂ ਵਧ ਚੜ੍ਹ ਕੇ ਉਨ੍ਹਾਂ ਦੇ ਚੋਣ ਦੌਰਿਆ ਮੌਕੇ ਹਾਜ਼ਰ ਹੋਏ। ਚੋਣ ਪ੍ਰਚਾਰ ਦੌਰਾਨ ਭਾਈ ਚੀਮਾ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲਕਿਆਂ ਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਦਾ ਘਾਟੇ ਵਿੱਚ ਜਾਣਾ ਇਸ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਸੰਗਤਾਂ ਵਲੋਂ ਧਾਰਮਿਕ ਤੇ ਇਨਸਾਨੀ ਕਾਰਜਾਂ ਲਈ ਚੜ੍ਹਾਏ ਚੜ੍ਹਾਵੇ ਨੂੰ ਇੱਥੇ ਕਾਬਜ਼ ਲੋਕ ਦੋਵੀਂ ਹੱਥੀ ਲੁੱਟ ਰਹੇ ਹਨ। ਇਸ ਸਮੇਂ ਉਕਤ ਆਗੂਆਂ ਦੇ ਸਮਰਥਕਾਂ ਨੇ ਰੋਸ ਪ੍ਰਗਟ ਕੀਤਾ ਕਿ ਇਕ ਅਖ਼ਬਾਰ ਦੇ ਪੱਤਰਕਾਰ ਨੇ ਬਸੀ ਪਠਾਣਾਂ ਦੀ ਜਨਰਲ ਸੀਟ ਤੋਂ ਮੁੱਖ ਚੋਣ ਮੁਕਾਬਲੇ ਬਾਰੇ ਪੈਸੇ ਲੈ ਕੇ ਨਿਰ-ਅਧਾਰ ਖ਼ਬਰ ਪਲਾਂਟ ਕੀਤੀ ਹੈ ਜਦਕਿ ਇਸ ਸੀਟ ਤੋਂ ਮੁੱਖ ਮੁਕਾਬਲਾ ਪੰਥਕ ਮੋਰਚੇ ਦੇ ਭਾਈ ਹਰਪਾਲ ਸਿੰਘ ਚੀਮਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਿਚਕਾਰ ਹੈ। ਉਕਤ ਆਗੂਆਂ ਨੇ ਅੱਜ ਹਲਕੇ ਦੇ ਲੋਹਾਰੀ ਖੁਰਦ, ਗੰਢੂਆਂ ਕਲਾਂ, ਟੋਡਰਪੁਰ, ਭੱਟੀਆਂ, ਪਨੈਚਾਂ, ਪੰਜਕੋਹਾ, ਸ਼ਾਦੀਪੁਰ, ਫ਼ਤਿਹਪੁਰ, ਥਾਬਲਾਂ, ਭੁੱਚੀ, ਬਹਿਰਾਮਪੁਰ ਅਤੇ ਕਲੌਂਦੀ ਆਦਿ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਵੋਟਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਉਕਤ ਉਮੀਦਵਾਰਾਂ ਦੇ ਸਮਰਥਕ ਵੀ ਅਪਣੇ ਤੌਰ ’ਤੇ ਪਿੰਡ-ਪਿੰਡ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਬਣਾ ਕੇ ਉਕਤ ੳਮੀਦਵਾਰਾਂ ਦੇ ਹੱਕ ਵਿੱਚ ਵੋਟਰਾਂ ਨੂੰ ਵੱਡੇ ਪੱਧਰ ’ਤੇ ਪ੍ਰੇਰਿਤ ਕਰ ਰਹੇ ਹਨ। ਇਸ ਤਰ੍ਹਾਂ ਭਾਈ ਚੀਮਾ ਤੇ ਸਲਾਣਾ ਦੀ ਚੋਣ ਮੁਹਿੰਮ ਨੂੰ ਇਲਾਕੇ ਵਿੱਚ ਵੋਟਰਾਂ ਵਲੋਂ ਭਰਵਾਂ ਹੁੰਗਾਰ ਮਿਲ ਰਿਹਾ ਜਾਪਦਾ ਹੈ।ਇਨ੍ਹਾਂ ਚੋਣ ਦੌਰਿਆਂ ਦੌਰਾਨ ਸ. ਹਰੀ ਸਿੰਘ ਰੈਲੋਂ, ਸੀਨੀਅਰ ਆਗੂ ਸ. ਪ੍ਰਿਤਪਾਲ ਸਿੰਘ ਬਡਵਾਲਾ, ਮਾਸਟਰ ਰਣਜੀਤ ਸਿੰਘ ਹਵਾਰਾ, ਸ. ਗੁਰਮੁਖ ਸਿੰਘ ਡਡਹੇੜੀ (ਸਾਬਕਾ ਸਰਪੰਚ), ਸ. ਦਰਸ਼ਨ ਸਿੰਘ ਬੈਣੀ, ਸ. ਹਰਪਾਲ ਸਿੰਘ ਸ਼ਹੀਦਗੜ੍ਹ, ਸ.ਪਰਮਜੀਤ ਸਿੰਘ ਸਿੰਬਲੀ, ਸੋਹਨ ਸਿੰਘ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਜਸਵੀਰ ਸਿੰਘ ਬਸੀ, ਭਗਵੰਤ ਸਿੰਘ ਮਹੱਦੀਆਂ, ਸ. ਗੁਲਜ਼ਾਰ ਸਿੰਘ ਮਨੈਲੀ, ਸ. ਗੁਰਪਾਲ ਸਿੰਘ ਬਦੇਸ਼ਾਂ ਖੁਰਦ, ਅਮਰੀਕ ਸਿੰਘ ਸ਼ਾਹੀ, ਸੁਦਾਗਰ ਸਿੰਘ ਚੁੰਨ੍ਹੀ, ਫੌਜਾ ਸਿੰਘ ਕਰੀਮਪੁਰਾ ਆਦਿ ਹਾਜ਼ਰ ਸਨ।