ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਧੱਕਾ-ਮੁੱਕੀ ਅਜਾਰੇਦਾਰੀ ਬਿਰਤੀਆਂ ਦਾ ਨਤੀਜਾ – ਫੈਡਰੇਸ਼ਨ

By ਸਿੱਖ ਸਿਆਸਤ ਬਿਊਰੋ

April 01, 2010

ਪਟਿਆਲਾ (1 ਅਪ੍ਰੈਲ, 2010): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਜ਼ਾਰੇਦਾਰੀ ਬਿਰਤੀਆਂ ਦੇ ਹਾਵੀ ਹੋਣ ਅਤੇ ਇਸ ਸੰਸਥਾ ਉੱਤੇ ਕਾਬਜ ਧਿਰ ਉੱਤੇ ਜਮਹੂਰੀ ਕਦਰਾਂ-ਕੀਮਤਾਂ ਦੇ ਘਾਣ ਦਾ ਦੋਸ਼ ਲਗਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੀਤੇ ਦਿਨ ਕਮੇਟੀ ਦੇ ਬਜਟ ਇਜਲਾਸ ਦੌਰਾਨ ਕੁਝ ਵੱਖਰੇ ਖਿਆਲਾਂ ਵਾਲੇ ਮੈਂਬਰਾਂ ਨੂੰ ਧੱਕਾ ਮੁੱਕੀ ਕਰ ਕੇ ਬਾਹਰ ਕੱਢਣ ਦੀ ਘਟਨਾ ਦੀ ਕਰੜੀ ਨਿਖੇਧੀ ਕੀਤੀ ਗਈ ਹੈ।

ਫੈਡਰੇਸ਼ਨ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਵੱਲੋਂ ਜਾਰੀ ਬਿਆਨ ਵਿੱਚ ਫੈਡਰੇਸ਼ਨ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਸਿੱਖਾਂ ਦੇ ਨੁਮਾਇੰਦੇ ਹੋਣ ਦੀ ਬਜਾਏ ਇਕ ਸਿਆਸੀ ਦਲ ਨਾਮਾਇੰਦਿਆਂ ਵੱਜੋਂ ਵਿਚਰ ਰਹੇ ਹਨ, ਜਿਸ ਕਾਰਨ ਗੰਭੀਰ ਮਸਲਿਆਂ ਨੂੰ ਪੰਥਕ ਹਿੱਤ ਵਿੱਚ ਹੱਲ ਕਰਨ ਦੀ ਬਜਾਏ ਸਿਆਸੀ ਹਿਦਾਇਤਾਂ ਮੁਤਾਬਿਕ ਲਮਕਾਇਆ ਤੇ ਵਿਗਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਸਿਧਾਂਤ’ ਮਨੁੱਖੀ ਅਜਾਦੀ ਦੀ ਜਾਮਨੀ ਭਰਦਾ ਹੈ ਪਰ ਸਿੱਖਾਂ ਦੀ ਨੁਮਾਇੰਦਾ ਅਖਵਾਉਣ ਵਾਲੀ ਸੰਸਥਾ ਦੇ ਮੁਖੀ ਵੱਲੋਂ ਇੱਕ ਸਿੱਖ ਨੂੰ ਹੀ ਕਮੇਟੀ ਇਜਲਾਸ ਦੌਰਾਨ ਆਪਣੇ ਵਿਚਾਰ ਪੇਸ਼ ਕਰਨ ਤੋਂ ਰੋਕਣਾ ਬੇਹੱਦ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨ੍ਹਾਂ ਮਸਲਿਆਂ ਅਤੇ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਿੱਖਾਂ ਦੇ ਅਕਸ ਨੂੰ ਕੌਮਾਂਤਰੀ ਪੱਧਰ ਉੱਤੇ ਢਾਅ ਲੱਗ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: