ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 500 ਤੋਂ ਵੱਧ ਫਾਰਗ ਕੀਤੇ ਮੁਲਾਜ਼ਮਾਂ ਦਾ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਤੋਂ ਬਾਦ ਜਿਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਪ੍ਰਧਾਨ ਅਤੇ ਕਮੇਟੀ ਦੇ ਕਈ ਅਧਿਕਾਰੀਆਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਉਥੇ ਦੂਜੇ ਪਾਸੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਸਿੱਧੇ-ਅਸਿੱਧੇ ਢੰਗ ਨਾਲ 70 ਤੋਂ ਵੱਧ ਕੀਤੀਆਂ ਗਈਆਂ ਨਿਯੁਕਤੀਆਂ ਦਾ ਮਾਮਲਾ ਮੁੜ ਗਰਮਾ ਗਿਆ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਾਣਦੇ ਹੋਏ ਵੀ ਚੁੱਪ ਧਾਰੀ ਬੈਠੇ ਨਜ਼ਰ ਆ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ ਮਾਤਾ ਗੁਜਰੀ ਕਾਲਜ ਵਿਖੇ ਪ੍ਰਿੰਸੀਪਲ ਸਨ ਤਾਂ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਰਸੂਖ ਵਰਤਦਿਆਂ ਆਪਣੇ ਕਈ ਚਹੇਤਿਆਂ ਨੂੰ ਬਿਨਾਂ ਨਿਯੁਕਤੀ ਪੱਤਰ ਤੋਂ ਕਾਲਜ ‘ਚ ਨੌਕਰੀ ਦਿੱਤੀ ਅਤੇ ਕਾਲਜ ਦੇ ਹੀ ਫੰਡਾਂ ‘ਚੋਂ ਉਨ੍ਹਾਂ ਨੂੰ ਤਨਖ਼ਾਹ ਦੇ ਕੇ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਨੂੰ ਚੂਨਾ ਲਾਉਣ ‘ਦਾ ਕੰਮ ਲੰਮਾ ਸਮਾਂ ਜਾਰੀ ਰੱਖਿਆ, ਇਸ ਸਬੰਧੀ ਮਾਤਾ ਗੁਜਰੀ ਕਾਲਜ ‘ਚ ਮੌਜੂਦਾ ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਇਸ ਸਾਰੇ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਾਣੂ ਕਰਵਾਇਆ, ਪਰ ਬਾਅਦ ‘ਚ ਮਾਮਲੇ ਨੂੰ ਇਸ ਕਰਕੇ ਠੰਡੇ ਬਸਤੇ ‘ਚ ਪਾਇਆ ਜਾ ਰਿਹਾ ਹੈ ਕਿ ਡਾਇਰੈਕਟਰ ਸਿੱਧੂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਜ਼ਦੀਕੀਆਂ ‘ਚੋਂ ਮੰਨੇ ਜਾਂਦੇ ਹਨ। ਮਾਤਾ ਗੁਜਰੀ ਕਾਲਜ ‘ਚ ਸਿੱਧੇ-ਅਸਿੱਧੇ ਢੰਗ ਨਾਲ ਕੀਤੀਆਂ ਗਈਆਂ ਨਿਯੁਕਤੀਆਂ ਤੋਂ ਇਹ ਪਤਾ ਚੱਲਦਾ ਹੈ ਕਿ ‘ਦਾਲ’ ਪੂਰੀ ਹੀ ਕਾਲੀ ਹੈ।
ਜ਼ਿਲ੍ਹਾ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਵਿਖੇ ਫਾਰਗ ਕੀਤੇ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਕਾਰਨ ਦੱਸੇ ਉਨ੍ਹਾਂ ਨੂੰ ਨੌਕਰੀਓ ਫਾਰਗ ਤਾਂ ਕਰ ਦਿੱਤਾ ਗਿਆ ਹੈ, ਜਦਕਿ ਨੌਕਰੀਓ ਫਾਰਗ ਕਰਨ ਤੋਂ ਪਹਿਲਾਂ ਨੋਟਿਸ ਦੇ ਕੇ ਇਹ ਯਕੀਨੀ ਬਣਾਏ ਜਾਣ ਦੀ ਲੋੜ ਸੀ ਕਿ ਮੁਲਾਜ਼ਮਾਂ ਨੂੰ ਨੌਕਰੀਓਂ ਫਾਰਗ ਕਿਉਂ ਕੀਤਾ ਜਾ ਰਿਹਾ ਹੈ? ਜਾਂਚ ਕਮੇਟੀ ਵੱਲੋਂ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਮਲਾ ਅਧਿਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੈਨੇਜਰਾਂ ਨੂੰ ਮੂੰਹ ਜ਼ੁਬਾਨੀ ਕਲਾਮੀ ਹੀ ਮੁਲਾਜ਼ਮ ਫਾਰਗ ਕੀਤੇ ਜਾਣ ਦੇ ਸੁਨੇਹੇ ਦਿੱਤੇ ਗਏ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਾਂਚ ਕਮੇਟੀ ਨੇ ਜੇ ਪਾਰਦਰਸ਼ਤਾ ਨਾਲ ਰਿਪੋਰਟ ਦਿੱਤੀ ਹੈ ਤਾਂ ਉਹ ਜਨਤਕ ਹੋਣੀ ਚਾਹੀਦੀ ਹੈ ਅਤੇ ਫਾਰਗ ਕੀਤੇ ਮੁਲਾਜ਼ਮਾਂ ਨੂੰ ਪੱਤ੍ਰਿਕਾ ਦੇ ਕੇ ਇਹ ਯਕੀਨੀ ਬਣਾਏ ਜਾਣ ਦੀ ਲੋੜ ਸੀ ਕਿ ਉਨ੍ਹਾਂ ਦੀਆਂ ਸੇਵਾਵਾਂ ਕਿਹੜੇ ਕਾਰਨਾਂ ਕਰਕੇ ਸਮਾਪਤ ਕੀਤੀਆਂ ਗਈਆਂ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਉਨਾਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਉਨ੍ਹਾਂ ਦੇ ਕਾਗਜ਼ੀ ਪੱਤਰ ਲਏ ਗਏ ਅਤੇ ਹਰ ਪ੍ਰਕਿਰਿਆ ਨੂੰ ਪੂਰਾ ਕੀਤੇ ਜਾਣ ਮਗਰੋਂ ਹੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਅਤੇ ਹੁਣ ਜਾਣ ਬੁੱਝਕੇ ਸਾਡੀ ਨੌਕਰੀ ਨੂੰ ਬੇਨਿਯਮੀਆਂ ਦਾ ਨਾਂ ਦੇ ਕੇ ਸਾਰੇ ਮੁਲਾਜ਼ਮਾਂ ਨੂੰ ਫਰਾਗ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਨੇ ਮੰਗ ਉਠਾਈ ਹੈ ਕਿ ਸ਼੍ਰੋਮਣੀ ਕਮੇਟੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰੇ ਅਤੇ ਪੱਤ੍ਰਿਕਾ ਜਾਰੀ ਕਰਕੇ ਫਾਰਗ ਕੀਤੇ ਜਾਣ ਸਬੰਧੀ ਮੁਲਾਜ਼ਮਾਂ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।