ਅੰਮ੍ਰਿਤਸਰ: 6 ਜੂਨ ਨੂੰ ਹਰ ਵਰ੍ਹੇ ਅਕਾਲ ਤਖ਼ਤ ਸਾਹਿਬ ਵਿਖੇ ਮਨਾਏ ਜਾਂਦੇ ਸ਼ਹੀਦੀ ਸਮਾਗਮ ਦੌਰਾਨ ਪਿਛਲੇ ਦੋ-ਤਿੰਨ ਸਾਲਾਂ ਤੋਂ ਵਾਪਰ ਰਹੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਅੱਜ ਕਾਰਜਕਾਰਨੀ ਦੀ ਬੈਠਕ ਉਪਰੰਤ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਨੇ ਸ਼ਹੀਦੀ ਸਮਾਗਮ ਮੌਕੇ ਸਮੂਹ ਪੰਥਕ ਧਿਰਾਂ ਨੂੰ ਭਾਈਚਾਰਕ ਸਾਂਝ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਦਰਬਾਰ ਸਾਹਿਬ ਸਮੁੱਚੀ ਮਾਨਵਤਾ ਲਈ ਸ਼ਾਂਤੀ ਦਾ ਧੁਰਾ ਹੈ ਤੇ ਇਸ ਪਵਿੱਤਰ ਸਥਾਨ ‘ਤੇ ਨਾਅਰੇਬਾਜ਼ੀ ਕਰਨੀ, ਤਲਵਾਰਾਂ ਲਹਿਰਾਉਣੀਆਂ ਤੇ ਹੱਲਾ-ਗੁੱਲਾ ਕਰਦਿਆਂ ਆਪਣੇ ਹੀ ਫਿਰਕੇ ਦੇ ਲੋਕਾਂ ਦਾ ਲਹੂ ਡੋਲਣਾ ਸਿੱਖਾਂ ਦੀ ਖ਼ਾਲਸਾਈ ਤਸਵੀਰ ਨੂੰ ਗੰਦਲਾ ਕਰਦਾ ਹੈ। ਉਨ੍ਹਾਂ ਸਮਾਗਮ ‘ਚ ਹਰ ਇਕ ਨੂੰ ਸਤਿਕਾਰ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁੜਦੰਗਬਾਜ਼ਾਂ ਨਾਲ ਨਜਿੱਠਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕੁਝ ਲੋਕ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ‘ਚ ਖੇਡਦਿਆਂ ਇਸ ਦਿਹਾੜੇ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੁਝ ਜਥੇਬੰਦੀਆਂ ਵੱਲੋਂ 6 ਜੂਨ ਦੇ ਸਮਾਗਮ ‘ਚ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਦੇ ਨਾਂਅ ਸੰਦੇਸ਼ ਜਾਰੀ ਨਾ ਕਰਨ ਦੇਣ ਸਬੰਧੀ ਕੀਤੀ ਬਿਆਨਬਾਜ਼ੀ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਹੀ ਇਸ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ।
ਸ਼ਿਵ ਸੈਨਾ ਵੱਲੋਂ 6 ਜੂਨ ਨੂੰ ਲੱਡੂ ਵੰਡਣ ਦੇ ਕੀਤੇ ਐਲਾਨ ਦੀ ਸਖ਼ਤ ਵਿਰੋਧਤਾ ਕਰਦਿਆਂ ਉਨ੍ਹਾਂ ਜਿੱਥੇ ਖ਼ੁਦ ਸ਼ਿਵ ਸੈਨਾ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਤਾੜਨਾ ਕੀਤੀ, ਉੱਥੇ ਹੀ ਸਰਕਾਰ ਨੂੰ ਵੀ ਅਜਿਹੇ ਉਕਸਾਊ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਕਿਹਾ। ਮੀਟਿੰਗ ਮੌਕੇ ਕੇਵਲ ਸਿੰਘ ਬਾਦਲ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੋਲਿਆਂਵਾਲੀ, ਕਰਨੈਲ ਸਿੰਘ ਪੰਜੌਲੀ, ਹਰਚਰਨ ਸਿੰਘ, ਰੂਪ ਸਿੰਘ, ਮਨਜੀਤ ਸਿੰਘ, ਦਿਲਜੀਤ ਸਿੰਘ ਬੇਦੀ, ਸੁਖਦੇਵ ਸਿੰਘ ਭੂਰਾ ਕੋਹਨਾ, ਬਲਵਿੰਦਰ ਸਿੰਘ ਜੌੜਾਸਿੰਘਾ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ।