May 9, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ/ਲੰਡਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਿੱਖ ਕੌਂਸਲ ਯੂ.ਕੇ ਨੇ ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ‘ਚ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਦਸਤਾਰ ਉਤਾਰਨ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਮ ਦੇ ਵਿਚਾਰਕ ਮਤਭੇਦ ਹੋਣ ਤਾਂ ਉਨ੍ਹਾਂ ਨੂੰ ਮਿਲ ਬੈਠ ਕੇ ਵਿਚਾਰ ਚਰਚਾ ਦੁਆਰਾ ਸੁਲਝਾਇਆ ਜਾ ਸਕਦਾ ਹੈ। ਕਿਸੇ ‘ਤੇ ਹਮਲਾ ਕਰਨਾ ਮਸਲੇ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਕੌਮ ਦੀ ਪ੍ਰਚਾਰਕ ਸ਼੍ਰੇਣੀ ਨੂੰ ਵੀ ਅਪੀਲ ਕੀਤੀ ਕਿ ਉਹ ਸੰਜੀਦਾ ਮਾਮਲਿਆਂ ‘ਤੇ ਆਪਣੇ ਵਿਚਾਰ ਪੇਸ਼ ਕਰਨ ਸਮੇਂ ਇਹ ਖ਼ਿਆਲ ਰੱਖਣ ਕਿ ਕਿਸੇ ਦਾ ਦਿਲ ਨਾ ਦੁਖੇ। ਉਨ੍ਹਾਂ ਕਿਹਾ ਕਿ ਕਥਾਵਾਚਕ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਨੂੰ ਆਪਣੇ ਪ੍ਰਚਾਰ ਦਾ ਮੁਖ ਸੂਤਰ ਬਣਾਉਣ। ਉਨ੍ਹਾਂ ਸਿੱਖ ਕੌਮ ਵਿਚ ਟਕਰਾਅ ਵਾਲੀ ਬਣ ਰਹੀ ਸਥਿਤੀ ਨੂੰ ਸਿੱਖ ਕੌਮ ਲਈ ਘਾਤਕ ਦੱਸਿਆ ਅਤੇ ਇਹ ਵੀ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਸਾਰੀਆਂ ਧਿਰਾਂ ਇਕਜੁਟਤਾ ਅਤੇ ਇਕਮੁਠਤਾ ਪ੍ਰਗਟਾਵਾ ਕਰਨ ਤਾਂ ਜੋ ਆਪਸੀ ਦੂਰੀਆਂ ਵਧਾਉਣ ਵਾਲੇ ਚਲਣ ਤੋਂ ਬਚਿਆ ਜਾ ਸਕੇ।
ਸਿੱਖ ਕੌਂਸਲ ਯੂ.ਕੇ ਦੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਬਿਲਕੁਲ ਅਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਵਿਚਾਰਧਾਰਕ ਮਤਭੇਦ ਹੋਣ ਨੂੰ ਅਧਾਰ ਬਣਾ ਕੇ ਇਸ ਤਰ੍ਹਾਂ ਦੇ ਹਮਲਿਆਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਵਿਹਾਰ ਸਿੱਖ ਗੁਰੂ ਸਾਹਿਬਾਨ ਵਲੋਂ ਦਰਸਾਏ ਰਾਹ ਤੋਂ ਬਿਲਕੁਲ ਉਲਟ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਸਿੱਖ ਭਾਈਚਾਰਾ ਦਸਤਾਰ ਅਤੇ ਕਕਾਰਾਂ ਸਬੰਧੀ ਕਾਨੂੰਨੀ ਲੜਾਈ ਲੜ੍ਹ ਰਿਹਾ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਉਸ ਵਿਚ ਵੱਡੀ ਰੋਕ ਬਣ ਰਹੀਆਂ ਹਨ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਯਤਨ ਕਰਨ ਦੀ ਅਪੀਲ ਕੀਤੀ।
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਹਾਲ ਦੇ ਪ੍ਰਧਾਨ ਅਤੇ ਸਿੱਖ ਕੌਂਸਲ ਯੂ.ਕੇ ਦੇ ਕਾਰਜਕਾਰਨੀ ਮੈਂਬਰ ਗੁਰਮੇਲ ਸਿੰਘ ਮੱਲ੍ਹੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਨਿਰਾਸ਼ਾ ਹੈ ਤੇ ਇਸ ਸਬੰਧੀ ਉਨ੍ਹਾਂ ਭਾਈ ਅਮਰੀਕ ਸਿੰਘ ਨਾਲ ਵੀ ਪਛਤਾਵਾ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਦੀ ਦਸਤਾਰ ਉਤਾਰਨਾ ਤੇ ਖਾਸ ਤੌਰ ‘ਤੇ ਗੁਰਦੁਆਰਾ ਸਾਹਿਬ ਵਿਚ ਕਦੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤੇ ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਵਾਪਰੇਗਾ।
Related Topics: Gobind Singh Longowal, Kathavachak Bhai Amrik Singh, Shiromani Gurdwara Parbandhak Committee (SGPC), Sikh Council UK