ਜਲੰਧਰ ( 2 ਜੁਲਾਈ 2014): ਸਿੱਖ ਹਿੱਤਾਂ ਲਈ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਵੱਖਰੀ ਕਮੇਟੀ ਦੇ ਗਠਨ ‘ਤੇ ਚਲ ਰਹੀ ਰੱਸਾਕਸ਼ੀ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਸਿੱਖ ਪੰਥ ਨੂੰ ਭੰਬਲਭੂਸੇ ਵਿਚ ਪਾ ਕੇ ਗੁੰਮਰਾਹ ਕਰ ਰਹੀਆਂ ਹਨ।
ਜੱਥੇਬੰਦੀ ਦੇ ਪ੍ਧਾਨ ਹਰਚਰਨਜੀਤ ਸਿੰਘ ਧਾਮੀ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਦੋਵੇਂ ਧਿਰਾਂ ਹਵਾ ਵਿਚ ਤਲਵਾਰਾਂ ਚਲਾ ਰਹੀਆਂ ਹਨ। ਵੱਖਰੀ ਕਮੇਟੀ ਦਾ ਵਿਰੋਧ ਕਰ ਰਹੇ ਅਕਾਲੀ ਅਤੇ ਹੱਕ ਵਾਲੀ ਧਿਰ ਨੂੰ ਪਤਾ ਹੈ ਕਿ ਜੇਕਰ ਹੁੱਡਾ ਸਰਕਾਰ ਹਰਿਆਣਾ ਵਿਧਾਨ ਸਭਾ ਵਿਚ ਵੱਖਰੀ ਕਮੇਟੀ ਦੇ ਹੱਕ ਵਿਚ ਬਿੱਲ ਪਾਸ ਕਰ ਵੀ ਦੇਵੇ ਤਾਂ ਅਕਾਲੀ ਦਲ ਨਾਲ ਸਾਂਝ ਕਰਕੇ ਮੋਦੀ ਸਰਕਾਰ ਨੇ ਪਾਰਲੀਮੈਂਟ ਵਿਚ ਇਸ ਨੂੰ ਪਾਸ ਨਹੀਂ ਕਰਨਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਗੁਰਦੁਆਰਾ ਐਕਟ 1825 ਤਹਿਤ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਵਿਚ ਕੋਈ ਵੀ ਤਰਮੀਮ ਪਾਰਲੀਮੈਂਟ ਵਿਚ ਪਾਸ ਹੋਣੀ ਲਾਜ਼ਮੀ ਹੈ।
ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਧਾਰਮਿਕ ਮੁੱਦੇ ‘ਤੇ ਸਿਆਸਤ ਭਾਰੂ ਹੋ ਗਈ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਰਿਆਣਾ ਦੇ ਸਿੱਖਾਂ ਦਾ ਦਿਲ ਜਿੱਤਣ ਦੇ ਰੌਂਅ ਵਿਚ ਹੈ ਅਤੇ ਅਕਾਲੀ-ਭਾਜਪਾ ਨੂੰ ਜਿਤਾਉਣ ਲਈ ਤਰਲੋਮੱਛੀ ਹਨ।
ਇਹ ਮੁੱਦਾ ਰਾਜਨੀਤੀ ਦੀ ਬਲੀ ਚੜ੍ਹ ਚੁੱਕਾ ਹੈ। ਦਲ ਖਾਲਸਾ ਨੇ ਆਪਣਾ ਸਿਧਾਂਤਕ ਸਟੈਂਡ ਮੁੜ ਦੁਹਰਾਉਂਦਿਆਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਫੈਸਲਾ ਕਰਨ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਨਾਲ ਰਹਿਣਾ ਹੈ ਕਿ ਵੱਖਰੇ ਤੌਰ ‘ਤੇ ਆਪਣੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਕਰਨੀ ਹੈ।