ਅੰਮ੍ਰਿਤਸਰ- ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਖਾਲਿਸਤਾਨ ਐਲਾਨਨਾਮੇ ਦੀ 39ਵੀਂ ਵਰ੍ਹੇਗੰਢ ਨੂੰ 29 ਅਪ੍ਰੈਲ 2025 ਨੂੰ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹਨ। ਜਥੇਬੰਦੀ ਨੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਖਾਲਿਸਤਾਨ ਦੀ ਸਥਾਪਨਾ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਕਰਾਰ ਦਿੱਤਾ।
ਦਲ ਖਾਲਸਾ ਦੇ ਆਗੂਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ
ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਥ ਸੇਵਕ ਭਾਈ ਦਲਜੀਤ ਸਿੰਘ ਅਤੇ ਭਾਈ ਨਰਾਇਣ ਸਿੰਘ ਚੌੜਾ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
ਸ. ਕੰਵਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋ ਪ੍ਰਮਾਣੂ ਮੁਲਕਾਂ ਦੇ ਵਿਚਾਲੇ ਪਿਸ ਰਹੀ ਸਿੱਖ ਕੌਮ ਆਪਣੀ ਹੋਂਦ-ਹਸਤੀ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਚਨਬੱਧ ਹੈ। ਕਸ਼ਮੀਰੀ ਕੌਮ ਵੀ ਆਪਣੀ ਅਜ਼ਾਦੀ ਅਤੇ ਆਪਣੀ ਕਿਸਮਤ ਦੀ ਮਾਲਕ ਬਨਣ ਲਈ ਕਈ ਦਹਾਕਿਆਂ ਤੋਂ ਜੱਦੋ-ਜਹਿਦ ਕਰ ਰਹੀ ਹੈ। ਕਸ਼ਮੀਰ ਦੇ ਅਣਸੁਲਝੇ ਵਿਵਾਦ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਵਿਸਫੋਟਕ ਸਥਿਤੀ ਬਣੀ ਰਹਿੰਦੀ ਹੈ, ਜਿਸ ਦਾ ਮਾਰੂ ਪ੍ਰਭਾਵ ਗੁਆਂਢੀ ਪੰਜਾਬ ਤੇ ਪੈਣਾ ਕੁਦਰਤੀ ਹੈ। ਸਾਡੇ ਲਈ ਧਿਰ ਬਣਨਾ ਆਪਣੇ ਕੌਮੀ ਵਜੂਦ ਨੂੰ ਖ਼ਤਰੇ ਵਿੱਚ ਪਾਉਣ ਦੇ ਬਰਾਬਰ ਹੈ।
ਸ. ਕੰਵਰਪਾਲ ਸਿੰਘ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
ਸ. ਮਾਨ ਅਤੇ ਪਰਮਜੀਤ ਸਿੰਘ ਮੰਡ ਨੇ ਬੋਲਦਿਆਂ ਕਿਹਾ ਕਿ ਖ਼ਾਲਿਸਤਾਨ ਦੀ ਸਥਾਪਨਾ ਦੋ ਪ੍ਰਮਾਣੂ ਮੁਲਕਾਂ ਦਰਮਿਆਨ ਬਫ਼ਰ ਸਟੇਟ ਦਾ ਕੰਮ ਕਰੇਗਾ। ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਪਰਮਜੀਤ ਸਿੰਘ ਮੰਡ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
ਇਸ ਮੌਕੇ ਸ.ਹਰਪਾਲ ਸਿੰਘ ਚੀਮਾ, ਸ. ਹਰਚਰਨਜੀਤ ਸਿੰਘ ਧਾਮੀ, ਬਾਬਾ ਹਰਦੀਪ ਸਿੰਘ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਭਾਈ ਹਰਪਾਲ ਸਿੰਘ ਬਲੇਰ ਅਤੇ ਪਰਮਜੀਤ ਸਿੰਘ ਗ਼ਾਜ਼ੀ ਸਮੇਤ ਹੋਰ ਆਗੂ ਹਾਜ਼ਰ ਸਨ।
