ਮੈਲਬਰਨ, ਆਸਟ੍ਰੇਲੀਆ (ਅਕਤੂਬਰ 31, 2013): ਭਾਰਤੀ ਮੀਡੀਆ ਦੇ ਘੱਟ-ਗਿਣਤੀਆਂ ਅਤੇ ਦਲਿਤ ਭਾਈਚਾਰੇ ਬਾਰੇ ਦੋਹਰੇ ਮਾਪਦੰਡ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਰਹੇ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਏ ਵਿਚ ਵਧੀਆ ਜਾਣਕਾਰੀ ਦਾ ਵਟਾਂਦਰਾ ਇਸ ਵਰਤਾਰੇ ਨੂੰ ਕਮਜ਼ੋਰ ਕਰ ਰਿਹਾ ਹੈ।
ਸਿਡਨੀ ਵਿਚ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਵੱਲੋਂ ‘ਪੰਜਾਬ ਵਿਚ ਮੀਡੀਏ ਦਾ ਰੋਲ’ ਵਿਸ਼ੇ ਉਤੇ 27 ਅਕਤੂਬਰ, 2013 ਨੂੰ ਕਰਵਾਏ ਸੈਮੀਨਾਰ ’ਚ ਬੋਲਦਿਆਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਸਣੇ ਦੂਸਰੇ ਸੂਬਿਆਂ ਵਿਚ ਚੱਲੀਆਂ ਤੇ ਚੱਲ ਰਹੀਆਂ ਲੋਕ ਲਹਿਰਾਂ ਨੂੰ ਭਾਰਤੀ ਮੀਡੀਆ ਨੇ ਸੱਤਾ ’ਤੇ ਕਾਬਜ਼ ਸਰਮਾਏਦਾਰਾਂ ਦੀ ਨਜ਼ਰ ਤੋਂ ਪੇਸ਼ ਕੀਤਾ ਹੈ ਅਤੇ ਅਹਿਮ ਮੌਕਿਆਂ ਉਤੇ ਵੀ ਜ਼ਿੰਮੇਵਾਰੀ ਅਤੇ ਨਿਰਪੱਖਤਾ ਤੋਂ ਕੰਮ ਨਹੀਂ ਲਿਆ।
ਅੱਸੀਵਿਆਂ ਵਿਚ ਪੰਜਾਬ ’ਚ ਖਾੜਕੂਵਾਦ ਦੌਰਾਨ ਪੰਜਾਬ ਦੇ ਮੀਡੀਆ ਨੇ ਸਿੱਖਾਂ ਦੇ ਅਕਸ ਨੂੰ ਭੰਡਣ ਉਤੇ ਜ਼ੋਰ ਦੇ ਕੇ ਰੱਖਿਆ ਤੇ ਕਾਰਨਾਂ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਮੌਜੂਦਾ ਪੰਜਾਬੀ ਪੱਤਰਕਾਰੀ ਵਿਚ ਪੇਸ਼ੇਵਾਰਾਨਾ ਪਹੁੰਚ ਖਤਮ ਹੋਣ ਨੂੰ ਪੰਜਾਬ ਦੇ ਸਮਾਜਕ, ਰਾਜਸੀ ਅਤੇ ਆਰਥਿਕ ਪੱਖ ਲਈ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਅਖ਼ਬਾਰਾਂ ਪੱਤਰਕਾਰੀ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਨੂੰ ਜ਼ਰੂਰ ਨਾਲ ਲੈ ਕੇ ਚੱਲ ਰਹੀਆਂ ਹਨ, ਪਰ ਬਹੁਤਾ ਹਿੱਸਾ ਸੱਤਾਧਾਰੀ ਪਾਰਟੀ ਦੇ ਕਬਜ਼ੇ ਹੇਠ ਹੈ।
ਇਸ ਮੌਕੇ ਸਰਵਰਿੰਦਰ ਸਿੰਘ ਰੂਮੀ ਅਤੇ ਮਨਜੀਤ ਸਿੰਘ ਪੁਰੇਵਾਲ ਨੇ ਵੀ ਵਿਚਾਰ ਰੱਖੇ। ਸੈਮੀਨਾਰ ਵਿਚ ਏਐਸਏ ਤੋਂ ਅਮਰਜੀਤ ਸਿੰਘ ਗਿਰਨ, ਸਿੱਖ ਫੈਡਰੇਸ਼ਨ ਤੋਂ ਬਲਵਿੰਦਰ ਸਿੰਘ ਗਿੱਲ, ਮੋਹਨ ਸਿੰਘ ਸੇਖੋਂ ਤੇ ਜਸਵੀਰ ਸਿੰਘ ਥਿੰਦ ਨੇ ਵੀ ਸ਼ਿਰਕਤ ਕੀਤੀ।