Site icon Sikh Siyasat News

ਦੇਸ਼ ਧਰੋਹ ਮਾਮਲਾ: ਗ੍ਰਿਫਤਾਰ ਆਗੂਆਂ ਨੂੰ ਵੱਖ-ਵੱਖ ਜੇਲਾਂ ਵਿੱਚ ਭੇਜਿਆ

ਗੁਰਦੀਪ ਸਿੰਘ ਬਠਿੰਡਾ (ਫਾਈਲ ਫੋਟੋ)

ਅੰਮ੍ਰਿਤਸਰ (2 ਦਸੰਬਰ, 2015): ਲੰਘੀ 10 ਨਵੰਬਰ ਨੁੰ ਨੇੜਲੇ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ (2015) ਦਾ ਸਮਾਗਮ ਬੁਲਾਉਣ ਵਾਲੇ ਪ੍ਰਬੰਧਕਾਂ, ਜਿੰਨ੍ਹਾਂ ਖਿਲਾਫ ਪੰਜਾਬ ਸਰਕਾਰ ਨੇ ਦੇਸ਼ ਧਰੋਹ ਅਤੇ ਹੋਰ ਪਰਚੇ ਦਰਜ਼ ਕੀਤੇ ਸਨ, ਨੂੰ ਅਦਾਲਤ ਨੇ 14 ਦਿਨਾਂ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੇਸ਼ੀ ਭੁਗਤਣ ਆਏ ਸਿੱਖ ਆਗੂੁ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾ ਅਤੇ ਗੁਰਦੀਪ ਸਿੰਘ ਬਠਿੰਡਾ ਨੂੰ ਅੱਜ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨਾਂ ਲੲੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਇਸ ਦੌਰਾਨ ਧਾਰਾ 107, 151 ਸਬੰਧੀ ਕੇਸ ਵਿੱਚ ਜ਼ਮਾਨਤੀ ਬਾਂਡ ਭਰਨ ਮਗਰੋਂ ਇਨ੍ਹਾਂ ਤਿੰਨਾਂ ਆਗੂਆਂ ਨੂੰ ਇਸ ਕੇਸ ਵਿੱਚੋਂ ਜ਼ਮਾਨਤ ਦਿੱਤੀ ਗੲੀ। ਉਨ੍ਹਾਂ ਨੂੰ ਸੀਜੇਐਮਆਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਨ੍ਹਾਂ ਤਿੰਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਵੱਖ-ਵੱਖ ਜੇਲ੍ਹਾਂ ਵਿੱਚ ਭੇਜਣ ਦੇ ਹੁਕਮ ਦਿੱਤੇ। ਅਗਲੀ ਸੁਣਵਾਈ ਦੀ ਤਰੀਕ 14 ਦਸੰਬਰ ਤੈਅ ਕੀਤੀ ਗਈ ਹੈ। ਇਨ੍ਹਾਂ ਵਿੱਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਨੂੰ ਸੰਗਰੂਰ ਜੇਲ੍ਹ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਰੋਪੜ ਜੇਲ੍ਹ, ਸਤਨਾਮ ਸਿੰਘ ਮਨਾਵਾ ਨੂੰ ਪਠਾਨਕੋਟ ਜੇਲ੍ਹ ਭੇਜਿਆ ਗਿਆ ਹੈ।

ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਹੁਕਮਰਾਨ ਧਿਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸਰਬੱਤ ਖ਼ਾਲਸਾ ਨੂੰ ਕਾਂਗਰਸ ਦਾ ਸਮਰਥਨ ਪ੍ਰਾਪਤ ਸੀ ਅਤੇ ਇਹ ਕਾਂਗਰਸ ਦੀ ਸ਼ਹਿ ’ਤੇ ਹੀ ਕੀਤਾ ਗਿਆ। ਉਨ੍ਹਾਂ ਆਖਿਆ ਕਿ ਜੇਕਰ ਇਹ ਕਾਂਗਰਸ ਦੀ ਸ਼ਹਿ ’ਤੇ ਸੀ ਤਾਂ ਫਿਰ ਅਕਾਲੀ ਭਾਜਪਾ ਸਰਕਾਰ ਵੱਲੋਂ ਧਾਰਾ 120 ਬੀ ਹੇਠ ਹਮਸਲਾਹ ਹੋਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਇਹ ਦੋਸ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਾਏ ਜਾਂਦੇ ਹਨ ਜਦਕਿ ਇਹ ਨਿਰੋਲ ਸਿੱਖ ਮਾਮਲਿਆਂ ਨਾਲ ਸਬੰਧਤ ਇਕੱਠ ਸੀ, ਜੋ ਕਿ ਹੁਕਮਰਾਨਾਂ ਖ਼ਿਲਾਫ਼ ਲੋਕ ਰੋਹ ਵੀ ਸੀ, ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version