ਲੰਡਨ (28 ਅਗਸਤ, 2010): ਹਿੰਦੋਸਤਾਨ ਵਿੱਚ ਧਮਾਕਾਖੇਜ਼ ਸਮੱਗਰੀ ਦੇ ਸੌ ਤੋਂ ਵੱਧ ਟਰੱਕਾਂ ਦਾ ਭੇਦਭਰੀ ਹਾਲਤ ਵਿੱਚ ਲਾਪਤਾ ਹੋਣਾ ਸਰਕਾਰੀ ਸਰੱਖਿਆ ਏਜੰਸੀਆਂ ਲਈ ਸ਼ਰਮਨਾਕ ਗੱਲ ਹੈ, ਉੱਥੇ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਬੇਹੱਦ ਚਿੰਤਾਜਨਕ ਹੈ।
ਯੂਨਾਈਟਿਡ ਖਾਲਸਾ ਦਲ (ਯੂ.ਕੇ) ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ‘ਸਿੱਖ ਸਿਆਸਤ’ ਨੂੰ ਭੇਜੇ ਗਏ ਇੱਕ ਲਿਖਤੀ ਬਿਆਨ ਵਿੱਚ ਇਸ ਨੂੰ ਡੂੰਘੀ ਸਾਜਿਸ਼ ਕਰਾਰ ਦਿੱਤਾ ਗਿਆ ਹੈ, ਜਿਸ ਨੂੰ ਬੇਨਕਾਬ ਕਰਨਾ ਬਹੁਤ ਜਰੂਰੀ ਹੈ। ਗਾਇਬ ਹੋ ਚੁੱਕੀ ਇਹ ਧਮਾਕਾ ਖੇਜ਼ ਸਮੱਗਰੀ ਫਿਰਕਾਪ੍ਰਸਤ ਹਿੰਦੂਤਵੀ ਜਥੇਬੰਦੀਆਂ ਦੇ ਕਬਜ਼ੇ ਵਿੱਚ ਚਲੇ ਜਾਣ ਦਾ ਭਾਰੀ ਖਦਸ਼ਾ ਹੈ। ਭਵਿੱਖ ਵਿੱਚ ਇਸ ਨੂੰ ਘੱਟ ਗਿਣਤੀਆਂ ਦਾ ਵੱਡੀ ਪੱਧਰ ਤੇ ਕਤਲੇਆਮ ਕਰਨ ਲਈ ਵਰਤਿਆ ਜਾ ਸਕਦਾ ਹੈ। ਯੋਜਨਾਬੱਧ ਤਰੀਕੇ ਨਾਲ ਹਿੰਦੂ ਗੁੰਡਿਆਂ ਵਲੋਂ ਸਰਕਾਰੀ ਸ਼ਹਿ ਨਾਲ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਲਈ , ਸਿੱਖਾਂ ਦੀਆਂ ਅਰਬਾਂ ਖਰਬਾਂ ਰੁਪਏ ਦੀਆਂ ਜਾਇਦਾਦਾਂ ਤਬਾਹ ਕਰਨ ਲਈ ਅਜਿਹਾ ਹੀ ਖਤਰਨਾਕ ਪਾਊਡਰ ਵਰਤਿਆ ਗਿਆ ਸੀ। ਜਿਸ ਦੀ ਸਪਲਾਈ ਹਿੰਦੂ ਗੁੰਡਿਆਂ ਨੂੰ ਸਰਕਾਰੀ ਵਜ਼ੀਰਾਂ ਵਲੋਂ ਕੀਤੀ ਗਈ ਸੀ ਅਤੇ ਇਹਨਾਂ ਨੂੰ ਹਿੰਦੋਸਤਾਨ ਦੇ ਪੱਖਪਾਤੀ ਕਨੂੰਨ ਵਲੋਂ ਅਜੇ ਤੱਕ ਕੋਈ ਸਜਾ ਨਹੀਂ ਦਿੱਤੀ ਗਈ ਜਦਕਿ ਇਹਨਾਂ ਖਿਲਾਫ ਪ੍ਰਤੱਖ ਸਬੂਤ ਅਤੇ ਚਸ਼ਮਦੀਦ ਗਵਾਹ ਮੌਜੂਦ ਹਨ, ਕੇਵਲ ਅਰਜਨ ਦਾਸ ਅਤੇ ਲਲਿਤ ਮਾਕਨ ਨੂੰ ਸਿੰਘਾਂ ਵਲੋਂ ਕੀਤੀ ਦਾ ਫਲ ਭੁਗਤਾਇਆ ਗਿਆ।
ਹਾਲ ਹੀ ਦੌਰਾਨ ਗਾਇਬ ਹੋਈ ਇਸ ਧਮਾਕਾਖੇਜ਼ ਸਮੱਗਰੀ ਨੂੰ ਘੱਟ ਗਿਣਤੀਆਂ ਨਾਲ ਸਬੰਧਤ ਅਜਾਦ ਸੋਚ ਦੇ ਧਾਰਨੀ ਅਤੇ ਕੌਮੀ ਹੱਕਾਂ, ਹਿਤਾਂ, ਕੌਮੀ ਅਜ਼ਾਦੀ ਲਈ ਜੂਝ ਰਹੇ ਵਿਆਕਤੀਆਂ ਨੂੰ ਕੇਸਾਂ ਵਿੱਚ ਫਸਾ ਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਹਲਾਂ ਵਿੱਚ ਬੰਦ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਜਿਸ ਦੀ ਮਿਸਾਲ ਪ੍ਰਗਿਆ ਠਾਕਰ ਅਤੇ ਉਸ ਦੇ ਅਨੇਕਾਂ ਸਾਥੀਆਂ ਵਲੋਂ ਬੰਬ ਧਮਾਕੇ ਕਰਕੇ ਮੁਸਲਮਾਨਾਂ ਦੇ ਸਿਰ ਮੜੇ ਜਾਣਾ ਹੈ। ਅਜਿਹਾ ਦੁਬਾਰਾ ਵੀ ਹੋ ਸਕਦਾ ਹੈ। ਪੰਜਾਬ ਵਿੱਚ ਸਿੱਖਾਂ ਨੂੰ ਧੜਾ ਧੜ ਗ੍ਰਿਫਤਾਰ ਕਰਕੇ ਉਹਨਾਂ ਸਿਰ ਬਰੂਦ ਪਾ ਕੇ ਜੇਹਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ, ਸੰਭਵ ਹੈ ਕਿ ਸਿੱਖਾਂ ਤੋਂ ਬਰੂਦ ਦੀ ਬਰਾਮਦੀ ਦਿਖਾਉਣ ਲਈ ਅਜਿਹਾ ਹੀ ਸਰੋਤ ਵਰਤਿਆ ਜਾ ਰਿਹਾ ਹੋਵੇ। ਇਸ ਕਰਕੇ ਗਾਇਬ ਹੋਏ ਬਰੂਦ ਨੂੰ ਬਰਾਮਦ ਕਰਨ ਲਈ ਆਰ.ਐੱਸ.ਐੱਸ ਦਾ ਗੁਨਾ ਸਥਿਤ ਮੁੱਖ ਦਫਤਰ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਦੀਆਂ ਦੁਸ਼ਮਣ ਫਿਰਕਾਪ੍ਰਸਤ ਜਥੇਬੰਦੀਆਂ ਦੇ ਅੱਡੇ ਫਰੋਲਣ ਦੀ ਲੋੜ ਹੈ।