ਨਵੀਂ ਦਿੱਲੀ (27 ਜੁਲਾਈ , 2015): ਭਾਰਤੀ ਸੁਪਰੀਮ ਕੋਰਟ ਨੇ ਕੱਲ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਯਾਕੂਬ ਮੈਮਨ ਦੀ ਦੂਸਰੀ ਰਹਿਮ ਦੀ ਅਰਜ਼ੀ ‘ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਟਾਲ ਦਿੱਤਾ ਸੀ।
ਜਸਟਿਸ ਅਨਿਲ ਆਰ ਦਵੇ ਅਤੇ ਜਸਟਿਸ ਕੁਰੀਅਨ ਜੋਸ਼ਪ ਦੀ ਬੈਂਚ ਨੇ ਸੋਮਵਾਰ ਨੂੰ ਅਟਾਰਨੀ ਜਨਰਲ ਮੁਕੂਲ ਰੋਹਤਗੀ ਅਤੇ ਬਚਾਅ ਧਿਰ ਦੇ ਵਕੀਲ ਰਾਜੂ ਰਾਮਚੰਦਰਨ ਦੀਆਂ ਕਰੀਬ ਇਕ ਘੰਟ ਤੱਕ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਨੂੰ ਮੰਗਲਵਾਰ ਤੱਕ ਟਾਲ ਦਿੱਤਾ ।
ਹੁਣ ਉਕਤ ਬੈਂਚ ਅੱਜ ਸਵੇਰੇ 10.30 ਵਜੇਂ ਤੋਂ ਇਸ ਅਰਜ਼ੀ ‘ਤੇ ਮੁੜ ਸੁਣਵਾਈ ਸ਼ੁਰੂ ਕਰੇਗੀ । ਅਦਾਲਤ ਦੀ ਕਾਰਵਾਈ ਦੌਰਾਨ ਉਕਤ ਜੱਜਾਂ ਦੀ ਬੈਂਚ ਨੇ ਅਟਾਰਨੀ ਜਨਰਲ ਮੁਕੂਲ ਰੋਹਤਗੀ ਨੂੰ ਕੱਲ੍ਹ ਦੀ ਸੁਣਵਾਈ ਦੌਰਾਨ ਸੋਧ ਪਟੀਸ਼ਨਾਂ ਸਬੰਧੀ ਨਿਯਮਾਂ ਨੂੰ ਸਪੱਸ਼ਟ ਕਰਨ ਲਈ ਕਿਹਾ ।
ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਮੁਕੂਲ ਰੋਹਤਗੀ ਨੇ ਅਦਾਲਤ ‘ਚ ਦੱਸਿਆ ਕਿ ਯਾਕੂਬ ਮੇਮਨ ਦੀ ਬੀਤੀ 21 ਜੁਲਾਈ ਨੂੰ ਸੋਧ ਪਟੀਸ਼ਨ ਦੇ ਖਾਰਜ ਹੋਣ ਦੇ ਨਾਲ ਹੀ ਅਪੀਲਕਰਤਾ ਦੇ ਕੋਲ ਉਪਲਬਧ ਰਾਹਤ ਦੇ ਸਾਰੇ ਵਿਕਲਪ ਸਮਾਪਤ ਹੋ ਗਏ ਹਨ, ਪ੍ਰੰਤੂ ਯਾਕੂਬ ਦੀ ਪੈਰਵਈ ਕਰ ਰਹੇ ਵਕੀਲ ਰਾਜੂ ਰਾਮਚੰਦਰਨ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਨਿਆਇਕ ਪ੍ਰੀਕਿਰਿਆ ਅਜੇ ਅਧੂਰੀ ਹੈ, ਕਿਉਂਕਿ ਯਾਕੂਬ ਦੀ ਸੋਧ ਪਟੀਸ਼ਨ ਪੂਰੀ ਨਹੀਂ ਸੁਣੀ ਗਈ ।
ਯਾਕੂਬ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਟਾਡਾ ਅਦਾਲਤ ਦਾ ਮੌਤ ਦਾ ਵਾਰੰਟ ਗੈਰ-ਕਾਨੂੰਨੀ ਹੈ। ਜ਼ਿਕਰਯੋਗ ਹੈ ਕਿ ਯਾਕੂਬ ਮੈਮਨ ਨੂੰ ਆਉਂਦੇ ਵੀਰਵਾਰ,30 ਜੁਲਾਈ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਹੈ।
ਯਾਕੂਬ ਮੇਮਨ ਨੂੰ ਇੱਕ ਟਾਡਾ ਅਦਾਲਤ ਨੇ 2007 ਵਿੱਚ 1993 ਨੂੰ ਬੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।ਭਾਰਤ ਵਿੱਚ ਇਸਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ।